IMG-LOGO
ਹੋਮ ਪੰਜਾਬ: ਪੰਜਾਬੀ ਬੋਲੀ- ਰਮਜ਼ਾਂ, ਰੁਕਾਵਟਾਂ ਤੇ ਰਾਹ” ਖੋਜ ਪੁਸਤਕ ਦਾ ਅਕਾਡਮਿਕ...

ਪੰਜਾਬੀ ਬੋਲੀ- ਰਮਜ਼ਾਂ, ਰੁਕਾਵਟਾਂ ਤੇ ਰਾਹ” ਖੋਜ ਪੁਸਤਕ ਦਾ ਅਕਾਡਮਿਕ ਹਲਕਿਆਂ 'ਚ ਭਰਵਾਂ ਸੁਆਗਤ

Admin User - Apr 02, 2026 07:24 PM
IMG

ਲੁਧਿਆਣਾ: 2 ਅਪ੍ਰੈਲ

ਵਿਸ਼ਵ ਪੰਜਾਬੀ ਸਭਾ  ਟੋਰੰਟੋ(ਕੈਨੇਡਾ) ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੀ ਸਰਪ੍ਰਸਤੀ ਹੇਠ ਪ੍ਰਕਾਸ਼ਿਤ ਤੇ ਡਾ. ਆਤਮਜੀਤ ਸਿੰਘ ਅਤੇ ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਸੰਪਾਦਿਤ ਖੋਜ ਪੁਸਤਕ “ਪੰਜਾਬੀ ਬੋਲੀ-ਰਮਜ਼ਾਂ, ਰੁਕਾਵਟਾਂ ਤੇ ਰਾਹ” ਦਾ ਪੰਜਾਬ ਦੀਆਂ ਯੂਨੀਵਰਸਿਟੀਆਂ ਤੇ ਅਕਾਡਮਿਕ ਹਲਕਿਆਂ ਵਿੱਚ ਭਰਵਾਂ ਸੁਆਗਤ ਕੀਤਾ ਜਾ ਰਿਹਾ ਹੈ।  ਇਸ ਨੂੰ 30 ਮਾਰਚ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੁਸਤਕ ਮੇਲੇ ਮੌਕੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ, ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ,ਡਾ. ਰਘੁਬੀਰ ਸਿੰਘ ਸਿਰਜਣਾ, ਜੰਗ ਬਹਾਦਰ ਗੋਇਲ, ਡਾ. ਰਾਜਵੰਤ ਕੌਰ ਪੰਜਾਬੀ ਤੇ ਕੁਝ ਹੋਰ ਵਿਦਵਾਨਾਂ ਵੱਲੋਂ ਲੋਕ ਅਰਪਣ ਕੀਤਾ ਗਿਆ ਸੀ। 

ਅੰਮ੍ਰਿਤਸਰ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡੀਨ ਤੇ ਵਿਦਵਾਨ ਡਾ. ਹਰਿਭਜਨ ਸਿੰਘ ਭਾਟੀਆ ਤੇ ਨਾਟ ਕਰਮੀ ਕੇਵਲ  ਧਾਲੀਵਾਲ ਨੇ ਵਿਰਸਾ ਵਿਹਾਰ ਵਿਖੇ ਵੀ ਲੋਕ ਅਰਪਿਤ ਕਰਦਿਆਂ ਇਸ ਪੁਸਤਕ ਨੂੰ  ਮਹੱਤਵ ਪੂਰਨ ਖੋਜ ਗ੍ਰੰਥ ਵਜੋਂ ਸਤਿਕਾਰਿਆ।  

ਇਸ ਪੁਸਤਕ ਨੂੰ ਪੜ੍ਹਨ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿੱਚ ਰਹੇ ਪ੍ਰੋਫੈਸਰ ਤੇ ਮੁਖੀ ਡਾ. ਸੁਰਜੀਤ ਸਿੰਘ ਨੇ ਲਿਖਦਿਆਂ ਕਿਹਾ ਹੈ ਕਿ “ਡਾ. ਆਤਮਜੀਤ ਪੰਜਾਬੀ ਦੇ ਉੱਘੇ ਨਾਟਕਕਾਰ ਤਾਂ ਹਨ ਹੀ ਪਰ ਉਹ ਪੰਜਾਬ ਦੀ ਸਿੱਖਿਆ, ਲਿਆਕਤ, ਬੋਲੀ ਅਤੇ ਪੰਜਾਬ ਤੇ ਪੰਜਾਬੀ ਬੰਦੇ ਦੇ ਭਵਿਖ ਬਾਰੇ ਚਿੰਤਨਸ਼ੀਲ ਬੁੱਧੀਮਾਨ ਵੀ ਹਨ। ਅਸਲ ਵਿੱਚ ਉਹਨਾਂ ਦੀ ਨਾਟਕਕਾਰੀ ਵੀ ਉਹਨਾਂ ਦੇ ਤਮਾਮ ਸਰੋਕਾਰਾਂ/ ਫ਼ਿਕਰਾਂ ਨੂੰ ਹੀ ਨਾਟਕੀ-ਕਲਾਤਮਕ ਆਕਾਰਾਂ ਵਿੱਚ ਢਾਲਣ ਅਤੇ ਪੰਜਾਬੀ ਬੰਦੇ ਦੀ ਸੋਝੀ ਤੇ ਸੰਵੇਦਨਾ ਦੇ ਵਿਸਤਾਰ ਦੀ ਚਾਹਤ ਦਾ ਹੀ ਪ੍ਰਗਟਾਅ ਹੈ।

ਉਹ ਜਿਸ ਕੰਮ ਨੂੰ ਹੱਥ ਵਿੱਚ ਲੈਂਦੇ ਹਨ, ਉਸ ਨੂੰ ਸਰਬੋਤਮਤਾ ਦੇ ਮਿਆਰਾਂ ਦੇ ਹਾਣ ਦਾ ਬਣਾਉਣ ਲਈ ਜੁਟ ਜਾਂਦੇ ਹਨ। ਵਿਸ਼ਵ ਪੰਜਾਬੀ  ਸਭਾ, ਬਰੈਂਪਟਨ, ਕਨੈਡਾ ਨੇ ਉਹਨਾਂ ਨੂੰ 2024 ਵਿੱਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਪੜ੍ਹੇ ਗਏ ਖੋਜ ਪੱਤਰਾਂ ਅਤੇ ਪੰਜਾਬੀ ਬੋਲੀ ਦੇ ਵਿਕਾਸ ਦੇ ਸਨਮੁੱਖ ਮੌਜੂਦ ਸਮੱਸਿਆਵਾਂ ਬਾਰੇ ਹੋਰ ਖੋਜ ਪੱਤਰਾਂ ਨੂੰ ਸੰਪਾਦਿਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਤਾਂ ਉਹਨਾਂ ਨੇ ਇਹ ਕੰਮ ਆਪਣੇ ਸੁਭਾਅ ਅਨੁਸਾਰ ਸ਼ਿੱਦਤ ਤੇ ਗੰਭੀਰਤਾ ਨਾਲ ਹੀ ਕਰਨਾ ਸੀ । ਉਹਨਾਂ ਨੇ ਮੇਰੇ ਸਮੇਤ ਹੋਰ ਕਈ ਦੋਸਤਾਂ ਨੂੰ ਆਪੋ ਆਪਣੀ ਵਿਸ਼ੇਸ਼ਗਤਾ ਤੇ ਰੁਚੀ ਅਨੁਸਾਰ ਖੋਜ ਪੱਤਰ ਤਿਆਰ ਕਰਨ ਲਈ ਹੁਕਮ ਲਗਾ ਦਿੱਤਾ। ਇਸ ਤਰ੍ਹਾਂ ਇਹ ਕਿਤਾਬ ਪੰਜਾਬੀ ਬੋਲੀ ਨਾਲ ਸੰਬੰਧਿਤ ਉਨ੍ਹਾਂ ਮਸਲਿਆਂ, ਫ਼ਿਕਰਾਂ, ਤਜਵੀਜਾਂ ਤੇ ਤਰਕੀਬਾਂ ਨੂੰ ਵੀ ਆਪਣੇ ਕਲੇਵਰ ਵਿੱਚ ਸਮੇਟ ਸਕੀ ਜਿਹੜੇ ਕਾਨਫਰੰਸ ਦੀ ਕਾਰਵਾਈ ਤੋਂ ਬਾਹਰ ਰਹਿ ਗਏ ਸਨ ਤੇ ਜਿਹਨਾਂ ਦੇ ਛੁਟ ਜਾਂ ਸੰਸਾ ਕਾਨਫਰੰਸ ਪ੍ਰਬੰਧਕਾਂ ਨੂੰ ਵੀ ਸੀ ।

ਸੋ ਡਾ. ਆਤਮਜੀਤ ਦੇ ਸੁਹਿਰਦ, ਗੰਭੀਰ, ਵਿਉਂਤਬੱਧ ਯਤਨ ਦੇ ਨਤੀਜੇ ਵਜੋਂ "ਪੰਜਾਬੀ ਬੋਲੀ: ਰਮਜ਼ਾਂ ਰੁਕਾਵਟਾਂ ਤੇ ਰਾਹ ਨਾਮ ਦੀ ਇਹ ਕਿਤਾਬ ਤੁਹਾਡੇ ਸਨਮੁਖ ਹੈ। ਇਸ ਕਿਤਾਬ ਦੇ ਸੰਪਾਦਨ ਵਿੱਚ ਡਾ.ਆਤਮਜੀਤ ਦੇ ਨਾਲ ਉੱਘੇ ਪੰਜਾਬੀ ਕਵੀ ਗੁਰਭਜਨ ਗਿੱਲ ਨੇ ਸਾਰਥਕ ਸਹਿਯੋਗ ਦਿੱਤਾ ਹੈ। 

ਛੇ ਭਾਗਾਂ ਵਿੱਚ ਵੰਡੀ ਗਈ ਇਸ ਕਿਤਾਬ ਵਿੱਚ ਕੁੱਲ 33 ਖੋਜ ਪੱਤਰ/ ਆਲੇਖ ਸ਼ਾਮਿਲ ਹਨ। ਇਸ ਵਿੱਚ ਪੰਜਾਬੀ ਦੇ ਸਿਰਜਣਾਤਮਕ ਲੇਖਕਾਂ, ਭਾਸ਼ਾ ਵਿਗਿਆਨੀਆਂ, ਆਲੋਚਕਾਂ ਤੇ ਭਾਸ਼ਾ ਦੇ ਤਕਨੀਕੀ ਵਿਕਾਸ ਦੇ ਮਸਲਿਆਂ ਨਾਲ ਜੂਝਦੇ ਵਿਸ਼ੇਸ਼ਗਾਂ ਦੀਆਂ ਲਿਖਤਾਂ ਨੂੰ ਸੰਪਾਦਿਤ ਕੀਤਾ ਗਿਆ ਹੈ। ਤਤਕਰੇ ਤੋਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬੀ ਬੋਲੀ ਦੇ ਵਿਕਾਸ ਦੀਆਂ ਸਮੱਸਿਆਵਾਂ, ਤੌਖਲਿਆਂ, ਰੁਕਾਵਟਾਂ ਤੇ ਰਾਹਾਂ ਬਾਰੇ ਚਰਚਾ ਨੂੰ ਸਮਰਪਿਤ ਹੁਣ ਤੱਕ ਛਾਪੀਆਂ ਬਹੁਤੀਆਂ ਕਿਤਾਬਾਂ ਦੀ ਤੁਲਨਾ ਵਿੱਚ ਇਸ ਕਿਤਾਬ ਦਾ ਕਲੇਵਰ ਵੱਡਾ ਹੈ।

ਮੈਂ ਪੰਜਾਬੀ ਬੋਲੀ ਦੇ ਭਵਿੱਖ ਬਾਰੇ ਸੋਚਵਾਨ ਤੇ ਫ਼ਿਕਰਮੰਦ ਦੋਸਤਾਂ ਤੇ ਵਿਦਿਆਰਥੀਆਂ, ਖੋਜਾਰਥੀਆਂ ਨੂੰ ਇਹ ਕਿਤਾਬ ਪੜ੍ਹਨ ਦੀ ਪੁਰਜ਼ੋਰ ਸਿਫ਼ਾਰਸ਼ ਕਰਦਾ ਹਾਂ।

348 ਪੰਨਿਆਂ ਦੀ ਇਸ ਕਿਤਾਬ ਦਾ ਪ੍ਰਕਾਸ਼ਨ ਵਿਸ਼ਵ ਪੰਜਾਬੀ ਸਭਾ ਬਰੈਮਟਨ ਕਨੈਡਾ ਨੇ ਕੀਤਾ ਹੈ ਤੇ ਇਸ ਦੇ ਵਿਤਰਨ ਦਾ ਅਧਿਕਾਰ ਸਿੰਘ ਬ੍ਰਦਰਜ਼, ਅੰਮ੍ਰਿਤਸਰ ; ਚੇਤਨਾ ਪ੍ਰਕਾਸ਼ਨ, ਲੁਧਿਆਣਾ ਅਤੇ ਨਵਚੇਤਨ ਬੁੱਕ ਡੀਪੂ, ਬਰਨਾਲਾ ਨੂੰ ਦਿੱਤਾ ਗਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.