ਤਾਜਾ ਖਬਰਾਂ
ਮਾਨਸਾ ਜ਼ਿਲ੍ਹਾ ਦੇ ਸਰਦੂਲਗੜ੍ਹ ਖੇਤਰ ਵਿੱਚ ਬੀਤੇ ਦਿਨ ਆਈ ਤੇਜ਼ ਬਾਰਿਸ਼ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਲਈ ਵੱਡੀ ਮੁਸੀਬਤ ਖੜੀ ਕਰ ਦਿੱਤੀ ਹੈ। ਇਸ ਅਚਾਨਕ ਮੌਸਮੀ ਤਬਦੀਲੀ ਕਾਰਨ ਖੇਤਾਂ ਵਿੱਚ ਪੱਕਣ ਦੇ ਨੇੜੇ ਖੜੀ ਕਣਕ ਦੀ ਫਸਲ ਅਤੇ ਤਿਆਰ ਸਬਜ਼ੀਆਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਹੈ।
ਕਿਸਾਨਾਂ ਦੇ ਮੁਤਾਬਕ, ਇਸ ਵਾਰ ਵੀ ਉਹਨਾਂ ਦੀਆਂ ਉਮੀਦਾਂ ਉਸ ਸਮੇਂ ਟੁੱਟ ਗਈਆਂ ਜਦੋਂ ਫਸਲ ਕੱਟਣ ਲਈ ਤਿਆਰ ਸੀ। ਗੜ੍ਹੇਮਾਰੀ ਅਤੇ ਮੀਂਹ ਨੇ ਫਸਲਾਂ ਨੂੰ ਇਸ ਕਦਰ ਨੁਕਸਾਨ ਪਹੁੰਚਾਇਆ ਕਿ ਕਈ ਖੇਤਾਂ ਵਿੱਚ ਖੜੀ ਫਸਲ ਪੂਰੀ ਤਰ੍ਹਾਂ ਜਮੀਨ ਨਾਲ ਲੱਗ ਗਈ।
ਕਿਸਾਨਾਂ ਨੇ ਇਹ ਵੀ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ। 2023 ਤੋਂ ਬਾਅਦ 2025 ਅਤੇ ਹੁਣ 2026 ਵਿੱਚ ਵੀ ਕੁਦਰਤੀ ਆਫ਼ਤਾਂ ਨੇ ਉਹਨਾਂ ਨੂੰ ਵੱਡਾ ਆਰਥਿਕ ਨੁਕਸਾਨ ਪਹੁੰਚਾਇਆ ਹੈ। ਉਹਨਾਂ ਦਾ ਕਹਿਣਾ ਹੈ ਕਿ ਹਰ ਵਾਰ ਸਰਕਾਰ ਵੱਲੋਂ ਮੁਆਵਜ਼ਾ ਦੇਣ ਵਿੱਚ ਦੇਰੀ ਕੀਤੀ ਜਾਂਦੀ ਹੈ, ਜਿਸ ਨਾਲ ਉਹਨਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਸਥਿਤੀ ਨੂੰ ਦੇਖਦੇ ਹੋਏ ਕਿਸਾਨਾਂ ਨੇ ਸਰਕਾਰ ਕੋਲ ਅਪੀਲ ਕੀਤੀ ਹੈ ਕਿ ਨੁਕਸਾਨ ਦੀ ਜਲਦ ਸਰਵੇ ਕਰਵਾ ਕੇ ਤੁਰੰਤ ਮੁਆਵਜ਼ਾ ਜਾਰੀ ਕੀਤਾ ਜਾਵੇ। ਉਹਨਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।
ਕਿਸਾਨਾਂ ਦਾ ਕਹਿਣਾ ਹੈ ਕਿ ਸਮੇਂ ਸਿਰ ਮਦਦ ਮਿਲਣ ਨਾਲ ਹੀ ਉਹ ਆਪਣੀ ਆਰਥਿਕ ਹਾਲਤ ਨੂੰ ਸੰਭਾਲ ਸਕਦੇ ਹਨ ਅਤੇ ਅਗਲੀ ਫਸਲ ਲਈ ਤਿਆਰੀ ਕਰ ਸਕਦੇ ਹਨ।
Get all latest content delivered to your email a few times a month.