ਤਾਜਾ ਖਬਰਾਂ
ਪੰਜਾਬ ਸਟੇਟ ਵੇਅਰਹਾਊਸ ਦੇ ਜ਼ਿਲ੍ਹਾ ਮੈਨੇਜਰ (ਡੀਐਮ) ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਘਿਰੇ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਅੱਜ ਮੁੜ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਭੁੱਲਰ ਦਾ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਅੱਜ ਖ਼ਤਮ ਹੋ ਰਿਹਾ ਹੈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਉਨ੍ਹਾਂ ਦੀ ਅਗਲੀ ਹਿਰਾਸਤ ਜਾਂ ਜੇਲ੍ਹ ਭੇਜਣ ਸਬੰਧੀ ਫੈਸਲਾ ਅਦਾਲਤ ਕਰੇਗੀ।
ਜ਼ਿਕਰਯੋਗ ਹੈ ਕਿ 21 ਮਾਰਚ ਨੂੰ ਡੀਐਮ ਗਗਨਦੀਪ ਰੰਧਾਵਾ ਵੱਲੋਂ ਆਪਣੇ ਘਰ ਵਿੱਚ ਜੀਵਨ ਲੀਲਾ ਸਮਾਪਤ ਕਰਨ ਤੋਂ ਬਾਅਦ ਪੁਲਿਸ ਨੇ ਲਾਲਜੀਤ ਭੁੱਲਰ, ਉਨ੍ਹਾਂ ਦੇ ਪਿਤਾ ਅਤੇ ਨਿੱਜੀ ਸਹਾਇਕ (PA) ਖਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਸੰਗੀਨ ਮਾਮਲਾ ਦਰਜ ਕੀਤਾ ਸੀ।
ਗ੍ਰਿਫ਼ਤਾਰੀ: ਭੁੱਲਰ ਨੂੰ ਮੰਡੀ ਗੋਬਿੰਦਗੜ੍ਹ ਤੋਂ ਫਤਿਹਗੜ੍ਹ ਸਾਹਿਬ ਅਤੇ ਅੰਮ੍ਰਿਤਸਰ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਕਾਬੂ ਕੀਤਾ ਗਿਆ ਸੀ।
ਰਿਮਾਂਡ ਦਾ ਸਿਲਸਿਲਾ: ਪਹਿਲਾਂ 24 ਮਾਰਚ ਨੂੰ ਅਦਾਲਤ ਨੇ ਉਨ੍ਹਾਂ ਨੂੰ 5 ਦਿਨਾਂ ਦੇ ਰਿਮਾਂਡ 'ਤੇ ਭੇਜਿਆ ਸੀ। ਪੁਲਿਸ ਨੇ ਰਿਮਾਂਡ ਦੌਰਾਨ ਮਿਲੇ ਸਬੂਤਾਂ ਦੇ ਅਧਾਰ 'ਤੇ ਤਿੰਨ ਦਿਨ ਦਾ ਹੋਰ ਰਿਮਾਂਡ ਹਾਸਲ ਕੀਤਾ ਸੀ, ਜੋ ਕਿ ਅੱਜ ਪੂਰਾ ਹੋ ਰਿਹਾ ਹੈ।
ਪੁਲਿਸ ਸੂਤਰਾਂ ਅਨੁਸਾਰ, ਰਿਮਾਂਡ ਦੌਰਾਨ ਭੁੱਲਰ ਤੋਂ ਮ੍ਰਿਤਕ ਅਧਿਕਾਰੀ ਨਾਲ ਹੋਈ ਗੱਲਬਾਤ ਅਤੇ ਕਥਿਤ ਮਾਨਸਿਕ ਪਰੇਸ਼ਾਨੀ ਦੇ ਪਹਿਲੂਆਂ 'ਤੇ ਸਖ਼ਤ ਪੁੱਛਗਿੱਛ ਕੀਤੀ ਗਈ ਹੈ। ਪੁਲਿਸ ਅੱਜ ਅਦਾਲਤ ਵਿੱਚ ਆਪਣੀ ਜਾਂਚ ਰਿਪੋਰਟ ਅਤੇ ਇਕੱਠੇ ਕੀਤੇ ਗਏ ਤਕਨੀਕੀ ਸਬੂਤ ਪੇਸ਼ ਕਰੇਗੀ।
ਲਾਲਜੀਤ ਭੁੱਲਰ ਪਹਿਲਾਂ ਵੀ ਕਈ ਵਾਰ ਸੁਰਖੀਆਂ ਵਿੱਚ ਰਹਿ ਚੁੱਕੇ ਹਨ। ਚਾਹੇ ਉਹ ਲਾਲ ਕਿਲ੍ਹੇ ਦੀ ਹਿੰਸਾ ਦਾ ਮਾਮਲਾ ਹੋਵੇ, ਵਿਵਾਦਿਤ ਜਾਤੀਵਾਦੀ ਟਿੱਪਣੀਆਂ ਜਾਂ ਮੰਤਰੀ ਬਣਨ ਤੋਂ ਬਾਅਦ ਗੱਡੀਆਂ 'ਤੇ ਕੀਤੇ ਗਏ ਸਟੰਟ। ਹਾਲਾਂਕਿ ਪਹਿਲਾਂ ਉਨ੍ਹਾਂ ਨੂੰ ਪਾਰਟੀ ਵੱਲੋਂ ਕਲੀਨ ਚਿੱਟ ਮਿਲਦੀ ਰਹੀ ਹੈ, ਪਰ ਇਸ ਵਾਰ ਇੱਕ ਸਰਕਾਰੀ ਅਧਿਕਾਰੀ ਦੀ ਮੌਤ ਦੇ ਮਾਮਲੇ ਨੇ ਉਨ੍ਹਾਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਮੰਤਰੀ ਅਹੁਦੇ ਤੋਂ ਵੀ ਹੱਥ ਧੋਣਾ ਪਿਆ।
ਅੱਜ ਦੀ ਪੇਸ਼ੀ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਕਿ ਕੀ ਪੁਲਿਸ ਨੂੰ ਹੋਰ ਪੁੱਛਗਿੱਛ ਲਈ ਸਮਾਂ ਮਿਲੇਗਾ ਜਾਂ ਸਾਬਕਾ ਮੰਤਰੀ ਨੂੰ ਨਿਆਇਕ ਹਿਰਾਸਤ (ਜੇਲ੍ਹ) ਵਿੱਚ ਭੇਜ ਦਿੱਤਾ ਜਾਵੇਗਾ।
Get all latest content delivered to your email a few times a month.