ਤਾਜਾ ਖਬਰਾਂ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਕ ਅਹਿਮ ਪ੍ਰੈੱਸ ਕਾਨਫਰੰਸ ਦੌਰਾਨ ਸੂਬੇ ਵਿੱਚ ਟੈਕਸ ਚੋਰੀ ਵਿਰੁੱਧ ਵਿੱਢੀ ਗਈ ਵੱਡੀ ਮੁਹਿੰਮ ਬਾਰੇ ਅਹਿਮ ਖੁਲਾਸੇ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਥਾਪਿਤ ਕੀਤੇ ਗਏ 'ਟੈਕਸ ਇੰਟੈਲੀਜੈਂਸ ਯੂਨਿਟ' ਅਤੇ 'ਸਟੇਟ ਇਨਵੈਸਟੀਗੇਸ਼ਨ ਐਂਡ ਪ੍ਰਿਵੈਂਟਿਵ ਯੂਨਿਟ' ਨੇ ਡਾਟਾ ਵਿਸ਼ਲੇਸ਼ਣ ਰਾਹੀਂ ਵੱਡੇ ਪੱਧਰ 'ਤੇ ਹੋ ਰਹੀ ਗੜਬੜੀ ਨੂੰ ਫੜਿਆ ਹੈ। ਇਸ ਜਾਂਚ ਲਈ ਆਈ.ਆਈ.ਟੀ (IIT) ਹੈਦਰਾਬਾਦ ਨਾਲ ਵੀ ਵਿਸ਼ੇਸ਼ ਇਕਰਾਰਨਾਮਾ ਕੀਤਾ ਗਿਆ ਹੈ।
ਖਾਣ-ਪੀਣ ਦੇ ਅਦਾਰਿਆਂ 'ਤੇ ਸ਼ਿੰਕਜਾ: 882 ਹੋਟਲ ਤੇ ਢਾਬੇ ਰਾਡਾਰ 'ਤੇ
ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਲੋਕ ਖਾਣ-ਪੀਣ ਦੇ ਬੇਹੱਦ ਸ਼ੌਕੀਨ ਹਨ, ਪਰ ਇਸ ਖੇਤਰ ਵਿੱਚੋਂ ਹੋਣ ਵਾਲੀ ਟੈਕਸ ਕੁਲੈਕਸ਼ਨ ਖਪਤ ਦੇ ਮੁਕਾਬਲੇ ਬਹੁਤ ਘੱਟ ਸੀ। ਜਾਂਚ ਦੌਰਾਨ ਗੁਜਰਾਤ ਦੀ ਇੱਕ ਮਸ਼ਹੂਰ ਐਪ 'ਪੇਟ-ਪੂਜਾ' ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਦੇ 882 ਹੋਟਲ, ਰੈਸਟੋਰੈਂਟ ਅਤੇ ਢਾਬੇ ਇਸ ਐਪ ਰਾਹੀਂ ਰਜਿਸਟਰਡ ਸਨ। ਜਦੋਂ ਇਨ੍ਹਾਂ ਦੇ ਰਿਕਾਰਡ ਦਾ ਮਿਲਾਣ ਰਿਟਰਨਾਂ ਨਾਲ ਕੀਤਾ ਗਿਆ, ਤਾਂ ਵੱਡੇ ਪੱਧਰ 'ਤੇ ਟਰਨਓਵਰ ਲੁਕਾਉਣ ਦਾ ਮਾਮਲਾ ਸਾਹਮਣੇ ਆਇਆ।
ਹੁਣ ਤੱਕ ਦੀ ਜਾਂਚ ਦੇ ਮੁੱਖ ਅੰਕੜੇ:
ਹੁਣ ਤੱਕ 239 ਅਦਾਰਿਆਂ ਦੀ ਜਾਂਚ ਮੁਕੰਮਲ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਕਈਆਂ ਨੇ ਆਪਣੀ ਅਸਲ ਕਮਾਈ ਲੁਕਾ ਕੇ ਟੈਕਸ ਚੋਰੀ ਕੀਤੀ:
ਟਰਨਓਵਰ ਲੁਕਾਉਣ ਵਾਲੇ: 2 ਕਰੋੜ ਤੋਂ ਵੱਧ ਵਾਲੇ 3, 1 ਕਰੋੜ ਤੋਂ ਵੱਧ ਵਾਲੇ 6 ਅਤੇ 50 ਲੱਖ ਤੋਂ ਵੱਧ ਵਾਲੇ 18 ਵਿਅਕਤੀਆਂ ਦੀ ਪਛਾਣ ਹੋਈ ਹੈ।
ਟੈਕਸ ਚੋਰੀ: ਇਨ੍ਹਾਂ 239 ਮਾਮਲਿਆਂ ਵਿੱਚ 2.54 ਕਰੋੜ ਰੁਪਏ ਦੀ ਸਿੱਧੀ ਟੈਕਸ ਚੋਰੀ ਪਾਈ ਗਈ ਹੈ।
ਰਿਕਵਰੀ: ਸਰਕਾਰ ਨੇ ਹੁਣ ਤੱਕ 2.02 ਕਰੋੜ ਰੁਪਏ ਦੀ ਰਿਕਵਰੀ ਕਰ ਲਈ ਹੈ।
ਰਾਹਤ: 52 ਅਦਾਰੇ ਅਜਿਹੇ ਵੀ ਪਾਏ ਗਏ ਹਨ ਜਿਨ੍ਹਾਂ ਦਾ ਰਿਕਾਰਡ ਬਿਲਕੁਲ ਸਾਫ਼ ਸੀ।
ਮੋਹਾਲੀ, ਜਲੰਧਰ ਅਤੇ ਲੁਧਿਆਣਾ ਟੈਕਸ ਚੋਰੀ 'ਚ ਮੋਹਰੀ
ਵਿੱਤ ਮੰਤਰੀ ਨੇ ਸ਼ਹਿਰਵਾਰ ਅੰਕੜੇ ਸਾਂਝੇ ਕਰਦਿਆਂ ਦੱਸਿਆ ਕਿ:
ਮੋਹਾਲੀ: ਸਭ ਤੋਂ ਵੱਧ 8.16 ਕਰੋੜ ਦੀ ਟਰਨਓਵਰ ਲੁਕਾਉਣ ਦਾ ਮਾਮਲਾ।
ਜਲੰਧਰ: 6.72 ਕਰੋੜ ਰੁਪਏ ਦੀ ਗੜਬੜੀ।
ਲੁਧਿਆਣਾ: 5.48 ਕਰੋੜ ਰੁਪਏ ਦੀ ਟਰਨਓਵਰ ਲੁਕਾਈ ਗਈ।
ਚੀਮਾ ਨੇ ਅਨੁਮਾਨ ਜਤਾਇਆ ਕਿ ਸਾਲ 2025-26 ਦੌਰਾਨ ਲਗਭਗ 200 ਕਰੋੜ ਰੁਪਏ ਦੀ ਟਰਨਓਵਰ ਲੁਕਾਈ ਗਈ ਹੈ, ਜੇਕਰ ਪਿਛਲੇ ਸਾਲਾਂ ਨੂੰ ਜੋੜਿਆ ਜਾਵੇ ਤਾਂ ਇਹ ਅੰਕੜਾ 500 ਕਰੋੜ ਰੁਪਏ ਤੱਕ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਿਛਲੇ ਚਾਰ ਸਾਲਾਂ ਤੋਂ ਟੈਕਸ ਕੁਲੈਕਸ਼ਨ ਵਿੱਚ ਦੇਸ਼ ਦੇ ਟਾਪ-3 ਰਾਜਾਂ ਵਿੱਚ ਸ਼ਾਮਲ ਹੈ ਅਤੇ ਟੈਕਸ ਚੋਰੀ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ।
Get all latest content delivered to your email a few times a month.