ਤਾਜਾ ਖਬਰਾਂ
ਜੇਕਰ ਤੁਹਾਡੇ ਪੈਨ (PAN) ਅਤੇ ਆਧਾਰ ਕਾਰਡ ਵਿੱਚ ਨਾਮ ਦੇ ਸਪੈਲਿੰਗ ਵੱਖ-ਵੱਖ ਹਨ, ਤਾਂ ਤੁਹਾਡੀ ਵਿੱਤੀ ਮੁਸ਼ਕਲ ਵਧ ਸਕਦੀ ਹੈ। ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ 1 ਅਪ੍ਰੈਲ ਤੋਂ ਉਨ੍ਹਾਂ ਲੋਕਾਂ ਦੇ ਪੈਨ ਕਾਰਡ ਅਯੋਗ (Inoperative) ਕਰਾਰ ਦਿੱਤੇ ਜਾ ਸਕਦੇ ਹਨ, ਜਿਨ੍ਹਾਂ ਦੇ ਦੋਵਾਂ ਦਸਤਾਵੇਜ਼ਾਂ 'ਤੇ ਨਾਮ ਇੱਕੋ ਜਿਹਾ ਨਹੀਂ ਹੈ। ਹੁਣ ਸਿਰਫ਼ ਪੈਨ-ਆਧਾਰ ਨੂੰ ਲਿੰਕ ਕਰਨਾ ਹੀ ਕਾਫ਼ੀ ਨਹੀਂ ਹੋਵੇਗਾ, ਸਗੋਂ ਸਪੈਲਿੰਗਾਂ ਦਾ ਹੂ-ਬ-ਹੂ ਮਿਲਣਾ ਵੀ ਜ਼ਰੂਰੀ ਕਰ ਦਿੱਤਾ ਗਿਆ ਹੈ।
ਸਪੈਲਿੰਗ ਦੀ ਇੱਕ ਗਲਤੀ ਪਵੇਗੀ ਭਾਰੀ
ਵਿੱਤੀ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਉਣ ਲਈ ਸਰਕਾਰ ਨੇ ਇਹ ਸਖ਼ਤ ਕਦਮ ਚੁੱਕਿਆ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਲੋਕਾਂ ਦੇ ਆਧਾਰ 'ਤੇ ਨਾਮ ਕੁਝ ਹੋਰ ਹੁੰਦਾ ਹੈ ਅਤੇ ਪੈਨ ਕਾਰਡ 'ਤੇ ਸਪੈਲਿੰਗ ਵੱਖਰੇ ਹੁੰਦੇ ਹਨ। ਨਵੇਂ ਨਿਯਮਾਂ ਅਨੁਸਾਰ, ਜੇਕਰ ਨਾਵਾਂ ਵਿੱਚ ਮਾਮੂਲੀ ਫਰਕ ਵੀ ਪਾਇਆ ਗਿਆ, ਤਾਂ ਸਿਸਟਮ ਉਸ ਪੈਨ ਕਾਰਡ ਨੂੰ ਵੈਧ ਨਹੀਂ ਮੰਨੇਗਾ। ਪੈਨ ਕਾਰਡ 'ਇਨ-ਐਪਰੇਟਿਵ' ਹੋਣ ਦੀ ਸੂਰਤ ਵਿੱਚ ਤੁਸੀਂ ਬੈਂਕਿੰਗ, ਸ਼ੇਅਰ ਬਾਜ਼ਾਰ, ਜਾਂ ਕਿਸੇ ਵੀ ਵੱਡੇ ਵਿੱਤੀ ਲੈਣ-ਦੇਣ ਲਈ ਇਸਦੀ ਵਰਤੋਂ ਨਹੀਂ ਕਰ ਸਕੋਗੇ।
ਹੋ ਸਕਦੇ ਹਨ ਇਹ ਵੱਡੇ ਨੁਕਸਾਨ:
ਵੱਧ TDS: ਪੈਨ ਕਾਰਡ ਅਯੋਗ ਹੋਣ 'ਤੇ ਤੁਹਾਨੂੰ ਨਿਰਧਾਰਿਤ ਦਰ ਤੋਂ ਕਿਤੇ ਜ਼ਿਆਦਾ ਟੀ.ਡੀ.ਐਸ (TDS) ਭਰਨਾ ਪੈ ਸਕਦਾ ਹੈ।
ਰਿਫੰਡ ਵਿੱਚ ਦੇਰੀ: ਇਨਕਮ ਟੈਕਸ ਰਿਫੰਡ ਦਾ ਦਾਅਵਾ ਕਰਨ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।
ਬੈਂਕਿੰਗ ਸੇਵਾਵਾਂ: ਨਵਾਂ ਬੈਂਕ ਖਾਤਾ ਖੋਲ੍ਹਣ ਜਾਂ ਕਰਜ਼ਾ (Loan) ਲੈਣ ਵਿੱਚ ਰੁਕਾਵਟ ਆਵੇਗੀ।
ITR ਫਾਈਲਿੰਗ: ਤੁਸੀਂ ਆਪਣੀ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕਰ ਸਕੋਗੇ।
ਘਰ ਬੈਠੇ ਮਿੰਟਾਂ ਵਿੱਚ ਕਰੋ ਸੁਧਾਰ
ਭਵਿੱਖ ਦੀਆਂ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਬਚਣ ਲਈ 1 ਅਪ੍ਰੈਲ ਦੀ ਡੈੱਡਲਾਈਨ ਤੋਂ ਪਹਿਲਾਂ ਆਪਣੇ ਦਸਤਾਵੇਜ਼ਾਂ ਨੂੰ ਦਰੁਸਤ ਕਰਨਾ ਬਹੁਤ ਜ਼ਰੂਰੀ ਹੈ। ਰਾਹਤ ਦੀ ਗੱਲ ਇਹ ਹੈ ਕਿ ਜੇਕਰ ਤੁਹਾਡੇ ਨਾਮ ਵਿੱਚ ਕੋਈ ਗਲਤੀ ਹੈ, ਤਾਂ ਤੁਸੀਂ ਆਨਲਾਈਨ ਪੋਰਟਲ ਰਾਹੀਂ ਘਰ ਬੈਠੇ ਹੀ ਇਸ ਨੂੰ ਠੀਕ ਕਰ ਸਕਦੇ ਹੋ। ਮਾਹਰਾਂ ਦੀ ਸਲਾਹ ਹੈ ਕਿ ਕਿਸੇ ਵੀ ਵਿੱਤੀ ਰੁਕਾਵਟ ਤੋਂ ਬਚਣ ਲਈ ਅੱਜ ਹੀ ਆਪਣੇ ਦੋਵਾਂ ਕਾਰਡਾਂ ਦੇ ਵੇਰਵਿਆਂ ਦੀ ਜਾਂਚ ਕਰ ਲਵੋ।
Get all latest content delivered to your email a few times a month.