ਤਾਜਾ ਖਬਰਾਂ
ਮੌੜ ਮੰਡੀ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਮਰਹੂਮ ਕਾਂਗਰਸੀ ਆਗੂ ਸੁਖਰਾਜ ਸਿੰਘ ਨੱਤ ਦੇ ਪੁੱਤਰ ਅਤੇ ਪੇਸ਼ੇ ਤੋਂ ਵਕੀਲ ਦਵਿੰਦਰ ਨੱਤ ਵੱਲੋਂ ਆਪਣੀ ਲਾਈਸੈਂਸੀ ਪਿਸਤੌਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਖ਼ੌਫ਼ਨਾਕ ਕਦਮ ਨੂੰ ਚੁੱਕਣ ਤੋਂ ਪਹਿਲਾਂ ਦਵਿੰਦਰ ਨੱਤ ਨੇ ਇੱਕ 9 ਮਿੰਟ ਲੰਬੀ ਵੀਡੀਓ ਰਿਕਾਰਡ ਕੀਤੀ, ਜਿਸ ਵਿੱਚ ਉਨ੍ਹਾਂ ਨੇ ਆਪਣੀ ਮੌਤ ਲਈ ਚੰਡੀਗੜ੍ਹ ਦੇ ਇੱਕ ਨਾਮੀ ਬਿਲਡਰ ਅਤੇ ਉਸ ਦੇ ਪੁੱਤਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਵਾਇਰਲ ਹੋਈ ਵੀਡੀਓ ਵਿੱਚ ਦਵਿੰਦਰ ਨੱਤ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਨ੍ਹਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਹੋਈ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਚੰਡੀਗੜ੍ਹ ਦੇ ਇੱਕ ਬਿਲਡਰ ਨੇ ਉਨ੍ਹਾਂ ਦੇ 4 ਕਰੋੜ ਰੁਪਏ ਦੱਬ ਲਏ ਹਨ। ਦਵਿੰਦਰ ਅਨੁਸਾਰ, ਉਨ੍ਹਾਂ ਨੇ ਕਈ ਵਾਰ ਪੈਸੇ ਵਾਪਸ ਮੰਗੇ ਅਤੇ ਇਸ ਮਾਮਲੇ ਵਿੱਚ ਕਈ ਵੱਡੇ ਸਿਆਸੀ ਆਗੂਆਂ ਨੇ ਵੀ ਦਖ਼ਲ ਦਿੱਤਾ, ਪਰ ਬਿਲਡਰ ਨੇ ਪੈਸੇ ਮੋੜਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਵੀਡੀਓ ਵਿੱਚ ਉਨ੍ਹਾਂ ਸਪੱਸ਼ਟ ਕਿਹਾ, "ਮੇਰੇ ਨਾਲ ਬਹੁਤ ਵੱਡਾ ਧੋਖਾ ਹੋਇਆ ਹੈ, ਜਿਸ ਕਾਰਨ ਮੈਂ ਟੁੱਟ ਚੁੱਕਾ ਹਾਂ।"
ਖ਼ੁਦਕੁਸ਼ੀ ਤੋਂ ਪਹਿਲਾਂ ਰਿਕਾਰਡ ਕੀਤੇ ਬਿਆਨ ਵਿੱਚ ਦਵਿੰਦਰ ਨੱਤ ਕਾਫੀ ਮਾਨਸਿਕ ਦਬਾਅ ਵਿੱਚ ਨਜ਼ਰ ਆਏ। ਉਨ੍ਹਾਂ ਆਪਣੇ ਪਿਤਾ ਸੁਖਰਾਜ ਨੱਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਕਿਸੇ ਆਮ ਇਨਸਾਨ ਦੇ ਪੁੱਤਰ ਨਹੀਂ ਹਨ, ਸਗੋਂ ਇੱਕ ਅਜਿਹੇ ਸਖ਼ਸ਼ ਦੇ ਵਾਰਸ ਹਨ ਜਿਸ ਨੇ ਲੋਕਾਂ ਦੀ ਸੇਵਾ ਕੀਤੀ ਅਤੇ ਚੋਣਾਂ ਲੜੀਆਂ। ਉਨ੍ਹਾਂ ਨੇ ਆਪਣੇ ਮਰਹੂਮ ਪਿਤਾ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਨਹੀਂ ਕਰ ਸਕੇ, ਜਿਸ ਦਾ ਉਨ੍ਹਾਂ ਨੂੰ ਹਮੇਸ਼ਾ ਪਛਤਾਵਾ ਰਹੇਗਾ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪਿਸਤੌਲ ਅਤੇ ਮੋਬਾਈਲ ਫ਼ੋਨ ਕਬਜ਼ੇ ਵਿੱਚ ਲੈ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵੀਡੀਓ ਨੂੰ ਮੁੱਖ ਸਬੂਤ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਬਿਲਡਰ ਦੇ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਸਿਆਸੀ ਅਤੇ ਕਾਨੂੰਨੀ ਹਲਕਿਆਂ ਵਿੱਚ ਸੋਗ ਦੀ ਲਹਿਰ ਹੈ।
Get all latest content delivered to your email a few times a month.