ਤਾਜਾ ਖਬਰਾਂ
ਬਰਨਾਲਾ ਜ਼ਿਲ੍ਹੇ ਦੇ ਪਿੰਡ ਫਰਵਾਹੀ ਵਿੱਚ ਐਤਵਾਰ ਸਵੇਰੇ ਇਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਨਿਰਮਾਣ ਹੇਠ ਇਕ ਮਕਾਨ ਅਚਾਨਕ ਡਿੱਗ ਗਿਆ। ਇਸ ਹਾਦਸੇ ਦੌਰਾਨ ਮਕਾਨ ਦੇ ਅੰਦਰ ਸੁੱਤੇ ਤਿੰਨ ਮਜ਼ਦੂਰ ਮਲਬੇ ਹੇਠਾਂ ਦੱਬ ਗਏ, ਜਿਨ੍ਹਾਂ ਨੂੰ ਬਾਅਦ ਵਿੱਚ ਬਚਾਅ ਟੀਮਾਂ ਨੇ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਪਤਾ ਲੱਗਿਆ ਹੈ ਕਿ ਮਕਾਨ ਦੀ ਨੀਂਹ ਕਮਜ਼ੋਰ ਹੋ ਜਾਣ ਕਾਰਨ ਉਸ ਨੂੰ ਜੈਕ ਨਾਲ ਉੱਪਰ ਚੁੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਦੌਰਾਨ ਹੀ ਮਕਾਨ ਅਚਾਨਕ ਢਹਿ ਗਿਆ ਅਤੇ ਅੰਦਰ ਮੌਜੂਦ ਮਜ਼ਦੂਰ ਇਸ ਦੀ ਚਪੇਟ ਵਿੱਚ ਆ ਗਏ। ਘਟਨਾ ਵੇਲੇ ਕੁੱਲ ਚਾਰ ਮਜ਼ਦੂਰ ਕੰਮ ਕਰ ਰਹੇ ਸਨ, ਪਰ ਇਕ ਮਜ਼ਦੂਰ ਪਿਛਲੀ ਰਾਤ ਘਰ ਚਲਾ ਗਿਆ ਸੀ, ਜਿਸ ਕਾਰਨ ਉਹ ਬਚ ਗਿਆ।
ਪਿੰਡ ਵਾਸੀਆਂ ਦੇ ਮੁਤਾਬਕ, ਹਾਦਸੇ ਦੀ ਖ਼ਬਰ ਮਿਲਦੇ ਹੀ ਸਥਾਨਕ ਲੋਕ ਸਭ ਤੋਂ ਪਹਿਲਾਂ ਮੌਕੇ ‘ਤੇ ਪਹੁੰਚੇ ਅਤੇ ਮਲਬਾ ਹਟਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਪ੍ਰਸ਼ਾਸਨ ‘ਤੇ ਧੀਮੀ ਕਾਰਵਾਈ ਦੇ ਦੋਸ਼ ਵੀ ਲਗਾਏ ਅਤੇ ਮੰਗ ਕੀਤੀ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਮਕਾਨ ਮੋਗਾ ਦੇ ਇੱਕ ਠੇਕੇਦਾਰ ਵੱਲੋਂ ਮੁਰੰਮਤ ਕੀਤਾ ਜਾ ਰਿਹਾ ਸੀ ਅਤੇ ਸੀਵਰੇਜ ਦੇ ਪਾਣੀ ਕਾਰਨ ਦੀਵਾਰਾਂ ਕਮਜ਼ੋਰ ਹੋ ਚੁੱਕੀਆਂ ਸਨ। ਮ੍ਰਿਤਕਾਂ ਦੀ ਪਛਾਣ ਬੌਬੀ ਸਿੰਘ, ਪ੍ਰਿੰਸ ਅਤੇ ਗੁਰਜੀਤ ਸਿੰਘ ਵਜੋਂ ਹੋਈ ਹੈ।
ਇਸ ਮਾਮਲੇ ਵਿੱਚ ਮ੍ਰਿਤਕ ਬੌਬੀ ਸਿੰਘ ਦੀ ਮਾਤਾ ਨੇ ਠੇਕੇਦਾਰ ‘ਤੇ ਗੰਭੀਰ ਦੋਸ਼ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਮਜ਼ਦੂਰਾਂ ਤੋਂ ਜ਼ਬਰਦਸਤੀ ਕੰਮ ਲੈਣ ਲਈ ਉਨ੍ਹਾਂ ਨੂੰ ਨਸ਼ੀਲੇ ਪਦਾਰਥ ਦਿੱਤੇ ਜਾਂਦੇ ਸਨ। ਉਸ ਨੇ ਇਹ ਵੀ ਦੱਸਿਆ ਕਿ ਹਾਦਸੇ ਤੋਂ ਬਾਅਦ ਠੇਕੇਦਾਰ ਨੇ ਪਰਿਵਾਰ ਨੂੰ ਸੂਚਿਤ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ। ਦੁੱਖੀ ਮਾਂ ਨੇ ਸਰਕਾਰ ਕੋਲ ਇਨਸਾਫ਼ ਅਤੇ ਆਰਥਿਕ ਮਦਦ ਦੀ ਮੰਗ ਕੀਤੀ ਹੈ।
Get all latest content delivered to your email a few times a month.