IMG-LOGO
ਹੋਮ ਪੰਜਾਬ: ਮਲੇਰਕੋਟਲਾ 'ਚ ਵੱਡਾ ਅੱਤਵਾਦੀ ਨੈੱਟਵਰਕ ਬੇਨਕਾਬ: ਪੰਜਾਬ ਤੇ J&K ਪੁਲਿਸ...

ਮਲੇਰਕੋਟਲਾ 'ਚ ਵੱਡਾ ਅੱਤਵਾਦੀ ਨੈੱਟਵਰਕ ਬੇਨਕਾਬ: ਪੰਜਾਬ ਤੇ J&K ਪੁਲਿਸ ਨੇ ਦਬੋਚੇ 2 ਪਾਕਿਸਤਾਨੀ ਅੱਤਵਾਦੀ, 15 ਸਾਲਾਂ ਤੋਂ ਭੇਸ ਬਦਲ ਕੇ ਰਹਿ ਰਹੇ ਸਨ ਮੁਲਜ਼ਮ

Admin User - Mar 29, 2026 12:51 PM
IMG

ਪੰਜਾਬ ਪੁਲਿਸ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਇੱਕ ਸਾਂਝੇ ਗੁਪਤ ਆਪ੍ਰੇਸ਼ਨ ਦੌਰਾਨ ਮਲੇਰਕੋਟਲਾ ਦੇ ਪਿੰਡ ਸ਼ੇਰਵਾਨੀ ਕੋਟ ਤੋਂ ਦੋ ਸ਼ੱਕੀ ਪਾਕਿਸਤਾਨੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਸੂਤਰਾਂ ਅਨੁਸਾਰ ਫੜੇ ਗਏ ਮੁਲਜ਼ਮਾਂ ਦੀ ਪਛਾਣ ਅੱਬੂ ਗਾਬਾ ਅਤੇ ਉਸਮਾਨ ਵਜੋਂ ਹੋਈ ਹੈ। ਹੈਰਾਨੀਜਨਕ ਖ਼ੁਲਾਸਾ ਹੋਇਆ ਹੈ ਕਿ ਇਹ ਦੋਵੇਂ ਮੁਲਜ਼ਮ ਪਿਛਲੇ ਕਰੀਬ 15 ਸਾਲਾਂ ਤੋਂ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਆਪਣੀ ਪਛਾਣ ਛੁਪਾ ਕੇ ਰਹਿ ਰਹੇ ਸਨ।


ਇਸ ਵੱਡੇ ਨੈੱਟਵਰਕ ਦਾ ਪਰਦਾਫਾਸ਼ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਫੜੇ ਗਏ ਇੱਕ ਸਥਾਨਕ ਤਸਕਰ ਦੀ ਪੁੱਛਗਿੱਛ ਤੋਂ ਹੋਇਆ। ਜਾਂਚ ਦੌਰਾਨ ਮਿਲੇ ਸੁਰਾਗਾਂ ਦੇ ਆਧਾਰ 'ਤੇ ਜਦੋਂ ਸੀਆਈਏ (CIA) ਵਿੰਗ ਨੇ ਜੰਮੂ-ਕਸ਼ਮੀਰ ਪੁਲਿਸ ਨਾਲ ਤਾਲਮੇਲ ਕੀਤਾ, ਤਾਂ ਪਤਾ ਲੱਗਿਆ ਕਿ ਇਹ ਦੋਵੇਂ ਸ਼ੱਕੀ ਜੰਮੂ-ਕਸ਼ਮੀਰ ਵਿੱਚ ਲੋੜੀਂਦੇ ਅੱਤਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਹਨ। ਸ਼ਨੀਵਾਰ ਨੂੰ ਪੁਲਿਸ ਟੀਮ ਨੇ ਪਿੰਡ ਵਿੱਚ ਛਾਪਾ ਮਾਰ ਕੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਮੁੱਢਲੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਅਗਲੀ ਪੜਤਾਲ ਲਈ ਜੰਮੂ-ਕਸ਼ਮੀਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।


ਪਿੰਡ ਸ਼ੇਰਵਾਨੀ ਕੋਟ ਦੇ ਸਰਪੰਚ ਸਿਮਰਨਜੀਤ ਸਿੰਘ ਅਨੁਸਾਰ, ਇਹ ਦੋਵੇਂ ਪਿਛਲੇ ਪੰਜ ਸਾਲਾਂ ਤੋਂ ਉਨ੍ਹਾਂ ਦੇ ਪਿੰਡ ਵਿੱਚ ਮਜ਼ਦੂਰਾਂ ਵਜੋਂ ਕੰਮ ਕਰ ਰਹੇ ਸਨ ਅਤੇ ਕਿਰਾਏ 'ਤੇ ਰਹਿ ਰਹੇ ਸਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਦੋਵੇਂ ਖ਼ੁਦ ਨੂੰ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਦੱਸ ਕੇ ਸਥਾਨਕ ਲੋਕਾਂ ਵਿੱਚ ਪੂਰੀ ਤਰ੍ਹਾਂ ਘੁਲ-ਮਿਲ ਗਏ ਸਨ। ਕਿਸੇ ਨੂੰ ਵੀ ਇਹ ਸ਼ੱਕ ਨਹੀਂ ਸੀ ਕਿ ਮਜ਼ਦੂਰੀ ਕਰਨ ਵਾਲੇ ਇਹ ਵਿਅਕਤੀ ਅਸਲ ਵਿੱਚ ਪਾਕਿਸਤਾਨੀ ਅੱਤਵਾਦੀ ਹਨ।


ਮਲੇਰਕੋਟਲਾ ਵਿੱਚ ਪਾਕਿਸਤਾਨੀ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਦੀ ਇਹ ਪਹਿਲੀ ਵੱਡੀ ਘਟਨਾ ਹੈ। ਇਸ ਤੋਂ ਪਹਿਲਾਂ 11 ਮਈ, 2025 ਨੂੰ ਪੁਲਿਸ ਨੇ ਯਾਮੀਨ ਮੁਹੰਮਦ ਅਤੇ ਉਸ ਦੀ ਬੇਟੀ ਗੁਜ਼ਾਲਾ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਹ ਪਿਓ-ਧੀ ਪਾਕਿਸਤਾਨੀ ਹਾਈ ਕਮਿਸ਼ਨ ਦੇ ਇੱਕ ਅਧਿਕਾਰੀ ਅਬਦੁੱਲਾ ਨੂੰ ਭਾਰਤੀ ਫ਼ੌਜ ਨਾਲ ਸਬੰਧਤ ਗੁਪਤ ਜਾਣਕਾਰੀ ਮੁਹੱਈਆ ਕਰਵਾਉਂਦੇ ਸਨ।


ਫਿਲਹਾਲ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅੱਬੂ ਗਾਬਾ ਅਤੇ ਉਸਮਾਨ ਪੰਜਾਬ ਵਿੱਚ ਕਿਸੇ ਵੱਡੀ ਵਾਰਦਾਤ ਦੀ ਯੋਜਨਾ ਬਣਾ ਰਹੇ ਸਨ ਜਾਂ ਫਿਰ ਇੱਥੇ ਸਿਰਫ਼ ਸੁਰੱਖਿਅਤ ਟਿਕਾਣੇ ਵਜੋਂ ਰਹਿ ਰਹੇ ਸਨ। ਪੰਜਾਬ ਅਤੇ ਜੰਮੂ-ਕਸ਼ਮੀਰ ਪੁਲਿਸ ਵੱਲੋਂ ਇਸ ਸਬੰਧੀ ਜਲਦ ਹੀ ਅਧਿਕਾਰਤ ਬਿਆਨ ਜਾਰੀ ਕੀਤੇ ਜਾਣ ਦੀ ਉਮੀਦ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.