ਤਾਜਾ ਖਬਰਾਂ
ਪਟਿਆਲਾ ਦੀ ਵਿਕਾਸ ਕਲੋਨੀ ਵਿੱਚ ਇੱਕ ਰੂਹ ਕੰਬਾਊ ਅਤੇ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨਜ਼ ਜੱਜ ਦੀ ਮੌਤ ਦੇ ਮਹਿਜ਼ ਕੁਝ ਮਿੰਟਾਂ ਬਾਅਦ ਹੀ ਉਨ੍ਹਾਂ ਦੀ ਨਿੱਜੀ ਰਿਹਾਇਸ਼ 'ਤੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਨੇ ਲਗਭਗ ਸੱਤ ਮਹੀਨਿਆਂ ਦੀ ਜਾਂਚ ਤੋਂ ਬਾਅਦ ਹੁਣ ਇਸ ਮਾਮਲੇ ਵਿੱਚ ਇੱਕ ਮਹਿਲਾ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਇੱਕ ਜੁਡੀਸ਼ੀਅਲ ਅਧਿਕਾਰੀ ਦੀ ਭੂਮਿਕਾ ਦੀ ਵੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਘਟਨਾ 1 ਅਗਸਤ, 2025 ਦੀ ਹੈ, ਜਦੋਂ ਜੱਜ ਕਵਲਜੀਤ ਸਿੰਘ ਦਾ ਜਿਗਰ ਦੀ ਬਿਮਾਰੀ ਕਾਰਨ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਦੋਸ਼ ਹੈ ਕਿ ਜਦੋਂ ਜੱਜ ਦੀ ਮ੍ਰਿਤਕ ਦੇਹ ਅਜੇ ਹਸਪਤਾਲ ਵਿੱਚ ਹੀ ਸੀ, ਤਾਂ ਰਾਤ ਦੇ ਕਰੀਬ 8:45 ਵਜੇ ਉਨ੍ਹਾਂ ਦੀ ਘਰੇਲੂ ਨੌਕਰਾਣੀ ਅਮਰਜੋਤ ਕੌਰ ਪਿੰਕੀ ਅਤੇ ਇੱਕ ਸਰਕਾਰੀ ਅਧਿਕਾਰੀ ਗੌਰਵ ਗੋਇਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜੱਜ ਦੇ ਘਰ ਧਾਵਾ ਬੋਲ ਦਿੱਤਾ।
ਸੀਸੀਟੀਵੀ ਫੁਟੇਜ ਨੇ ਖੋਲ੍ਹੀ ਪੋਲ: ਪੁਲਿਸ ਨੂੰ ਸੌਂਪੀ ਗਈ ਫੁਟੇਜ ਵਿੱਚ ਦੇਖਿਆ ਗਿਆ ਕਿ ਮੁਲਜ਼ਮ ਤਿੰਨ ਕਾਰਾਂ ਵਿੱਚ ਸਵਾਰ ਹੋ ਕੇ ਆਏ ਸਨ। ਜਦੋਂ ਇੱਕ ਮੁਲਜ਼ਮ ਬਾਹਰ ਨਿਗਰਾਨੀ ਕਰ ਰਿਹਾ ਸੀ, ਬਾਕੀ ਅੰਦਰ ਦਾਖਲ ਹੋਏ ਅਤੇ ਖਾਨਦਾਨੀ ਸੋਨਾ, ਕੀਮਤੀ ਗਹਿਣੇ ਅਤੇ ਮੋਟੀ ਨਕਦੀ ਬੈਗਾਂ ਵਿੱਚ ਭਰ ਕੇ ਫ਼ਰਾਰ ਹੋ ਗਏ।
ਮ੍ਰਿਤਕ ਜੱਜ ਦੇ ਦੋਵੇਂ ਪੁੱਤਰ ਕੈਨੇਡਾ ਵਿੱਚ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਪਿਤਾ ਦੇ ਕਰੀਬੀ ਦੋਸਤ ਭੁਪਿੰਦਰ ਸਿੰਘ ਵਿਰਕ ਨੂੰ ਪਾਵਰ ਆਫ ਅਟਾਰਨੀ ਦਿੱਤੀ, ਜਿਨ੍ਹਾਂ ਨੇ ਠੋਸ ਸਬੂਤਾਂ ਅਤੇ ਸੀਸੀਟੀਵੀ ਫੁਟੇਜ ਦੇ ਨਾਲ ਪੁਲਿਸ ਕੋਲ ਪਹੁੰਚ ਕੀਤੀ। ਪੁਲਿਸ ਨੇ ਲੰਬੀ ਪੜਤਾਲ ਤੋਂ ਬਾਅਦ 21 ਮਾਰਚ, 2026 ਨੂੰ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ 331(4) ਅਤੇ 305 ਤਹਿਤ ਐਫਆਈਆਰ ਦਰਜ ਕੀਤੀ ਹੈ।
ਪਟਿਆਲਾ ਪੁਲਿਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ (ਨੌਕਰਾਣੀ ਪਿੰਕੀ ਅਤੇ ਗੌਰਵ) ਨੇ ਜੁਰਮ ਕਬੂਲ ਕਰ ਲਿਆ ਹੈ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਫੁਟੇਜ ਵਿੱਚ ਇੱਕ ਸੇਵਾਮੁਕਤ ਜੁਡੀਸ਼ੀਅਲ ਅਧਿਕਾਰੀ ਦੀ ਹਾਜ਼ਰੀ ਵੀ ਦਿਖਾਈ ਦੇ ਰਹੀ ਹੈ, ਜਿਸ ਕਾਰਨ ਮਾਮਲਾ ਹੋਰ ਸੰਵੇਦਨਸ਼ੀਲ ਹੋ ਗਿਆ ਹੈ। ਪੁਲਿਸ ਹੁਣ ਇਸ ਪੂਰੀ ਸਾਜ਼ਿਸ਼ ਦੇ ਪਿੱਛੇ ਮੌਜੂਦ ਹੋਰ ਚਿਹਰਿਆਂ ਨੂੰ ਬੇਨਕਾਬ ਕਰਨ ਵਿੱਚ ਜੁੱਟੀ ਹੋਈ ਹੈ।
Get all latest content delivered to your email a few times a month.