ਤਾਜਾ ਖਬਰਾਂ
ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਅਤੇ ਨਜ਼ਦੀਕੀ ਪਿੰਡਾਂ ਵਿੱਚ ਚੋਰੀ ਦੀਆਂ ਵਧਦੀਆਂ ਵਾਰਦਾਤਾਂ ਨੇ ਕਾਨੂੰਨ ਵਿਵਸਥਾ 'ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਤਾਜ਼ਾ ਮਾਮਲਾ ਕੱਥੂਨੰਗਲ ਦੇ ਸ਼ਮਸ਼ਾਨ ਘਾਟ ਤੋਂ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਇਨਸਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਨਾ ਸਿਰਫ਼ ਲੋਹੇ ਦਾ ਸਾਮਾਨ ਚੋਰੀ ਕੀਤਾ, ਸਗੋਂ ਸਸਕਾਰ ਤੋਂ ਬਾਅਦ ਸੰਭਾਲ ਕੇ ਰੱਖੀਆਂ ਗਈਆਂ ਮ੍ਰਿਤਕ ਦੀਆਂ ਅਸਥੀਆਂ ਵੀ ਗਾਇਬ ਕਰ ਦਿੱਤੀਆਂ। ਇਸ ਘਟਨਾ ਨੇ ਇਲਾਕੇ ਵਿੱਚ ਭਾਰੀ ਰੋਸ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਪੀੜਤ ਕੁਲਵਿੰਦਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋਇਆ ਸੀ। ਪਰਿਵਾਰਕ ਰੀਤੀ-ਰਿਵਾਜਾਂ ਅਨੁਸਾਰ ਅਸਥੀਆਂ ਚੁਣ ਕੇ ਸ਼ਮਸ਼ਾਨ ਘਾਟ ਵਿੱਚ ਹੀ ਇੱਕ ਸੁਰੱਖਿਅਤ ਥਾਂ 'ਤੇ ਰੱਖੀਆਂ ਗਈਆਂ ਸਨ। ਪਰ ਜਦੋਂ ਪਰਿਵਾਰ ਅਸਥੀਆਂ ਲੈਣ ਪਹੁੰਚਿਆ ਤਾਂ ਉੱਥੇ ਕੁੱਝ ਵੀ ਨਹੀਂ ਸੀ। ਪੀੜਤ ਪਰਿਵਾਰ ਅਨੁਸਾਰ ਇਹ ਸਿਰਫ਼ ਚੋਰੀ ਨਹੀਂ, ਸਗੋਂ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਅਤੇ ਮ੍ਰਿਤਕ ਦੀ ਮਰਿਆਦਾ ਨਾਲ ਖਿਲਵਾੜ ਹੈ।
ਸਥਾਨਕ ਵਸਨੀਕਾਂ ਅਨੁਸਾਰ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਪਿੰਡਾਂ ਵਿੱਚੋਂ ਮੱਝਾਂ, ਬਿਜਲੀ ਦੀਆਂ ਤਾਰਾਂ ਅਤੇ ਘਰਾਂ ਦਾ ਕੀਮਤੀ ਸਾਮਾਨ ਆਮ ਹੀ ਉਡਾ ਕੇ ਲੈ ਜਾਂਦੇ ਹਨ। ਇੱਕ ਹੋਰ ਪੀੜਤ ਨੇ ਦੱਸਿਆ ਕਿ ਉਸ ਦੀਆਂ ਲੱਖਾਂ ਰੁਪਏ ਦੀਆਂ ਮੱਝਾਂ ਚੋਰੀ ਹੋ ਚੁੱਕੀਆਂ ਹਨ, ਪਰ ਪੁਲਿਸ ਹੱਥ ਅਜੇ ਤੱਕ ਖ਼ਾਲੀ ਹਨ। ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਨਸ਼ੇ ਦੀ ਵੱਧਦੀ ਵਰਤੋਂ ਕਾਰਨ ਨੌਜਵਾਨ ਅਪਰਾਧ ਦੀ ਦਲਦਲ ਵਿੱਚ ਫਸ ਰਹੇ ਹਨ।
ਪਿੰਡ ਦੇ ਸਰਪੰਚ ਜਤਿੰਦਰ ਪਾਲ ਸਿੰਘ ਨੇ ਹਾਲਾਤ ਦੀ ਗੰਭੀਰਤਾ ਨੂੰ ਸਵੀਕਾਰਦਿਆਂ ਕਿਹਾ ਕਿ ਸ਼ਮਸ਼ਾਨ ਘਾਟ ਨਸ਼ੇੜੀਆਂ ਦਾ ਅੱਡਾ ਬਣਦਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡਾਂ ਵਿੱਚ ਸੁਰੱਖਿਆ ਕੈਮਰੇ ਲਗਾਏ ਜਾਣ ਅਤੇ ਨਾਈਟ ਪੈਟਰੋਲਿੰਗ ਵਧਾਈ ਜਾਵੇ।
ਦੂਜੇ ਪਾਸੇ, ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫੋਰਸ ਦੀ ਕਮੀ ਦੇ ਬਾਵਜੂਦ ਸ਼ੱਕੀ ਲੋਕਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀ ਸਲਾਖਾਂ ਪਿੱਛੇ ਹੋਣਗੇ।
ਪਿੰਡ ਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸ਼ਮਸ਼ਾਨ ਘਾਟ ਵਰਗੀਆਂ ਪਵਿੱਤਰ ਥਾਵਾਂ 'ਤੇ ਚੌਕੀਦਾਰ ਤਾਇਨਾਤ ਕੀਤੇ ਜਾਣ ਅਤੇ ਨਸ਼ੇ ਦੇ ਸੌਦਾਗਰਾਂ 'ਤੇ ਸ਼ਿਕੰਜਾ ਕੱਸਿਆ ਜਾਵੇ ਤਾਂ ਜੋ ਆਮ ਨਾਗਰਿਕ ਸੁਖ ਦੀ ਨੀਂਦ ਸੌਂ ਸਕਣ।
Get all latest content delivered to your email a few times a month.