ਤਾਜਾ ਖਬਰਾਂ
ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਆਕਸੀਜਨ ਸਪਲਾਈ ਨੂੰ ਲੈ ਕੇ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਸ ’ਤੇ Punjab and Haryana High Court ਨੇ ਗੰਭੀਰ ਚਿੰਤਾ ਜਤਾਈ ਹੈ। ਅਦਾਲਤ ਵਿੱਚ ਸੁਣਵਾਈ ਦੌਰਾਨ ਇਹ ਖੁਲਾਸਾ ਹੋਇਆ ਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਾ ਹਸਪਤਾਲਾਂ ਵਿੱਚ ਲਗੇ 35 ਪੀਐਸਏ ਆਕਸੀਜਨ ਪਲਾਂਟ ਇਸ ਵੇਲੇ ਬੰਦ ਪਏ ਹਨ, ਜਿਸ ਕਾਰਨ ਐਮਰਜੈਂਸੀ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ।
ਅਦਾਲਤ ਨੇ ਪੰਜਾਬ ਸਰਕਾਰ ਤੋਂ ਸਪੱਸ਼ਟ ਕੀਤਾ ਹੈ ਕਿ ਕੀ ਇਨ੍ਹਾਂ ਪਲਾਂਟਾਂ ਦੀ ਦੇਖਭਾਲ ਅਤੇ ਸੰਚਾਲਨ ਲਈ ਕੋਈ ਢੰਗ ਦੀ ਨੀਤੀ ਮੌਜੂਦ ਹੈ ਜਾਂ ਨਹੀਂ। ਇਸਦੇ ਨਾਲ ਹੀ ਇਹ ਵੀ ਪੁੱਛਿਆ ਗਿਆ ਕਿ ਹਸਪਤਾਲਾਂ ਵਿੱਚ ਆਕਸੀਜਨ ਦੀ ਸਪਲਾਈ ਸਰਕਾਰੀ ਸ੍ਰੋਤਾਂ ਰਾਹੀਂ ਹੋ ਰਹੀ ਹੈ ਜਾਂ ਨਿੱਜੀ ਕੰਪਨੀਆਂ ਰਾਹੀਂ।
ਸੁਣਵਾਈ ਦੌਰਾਨ ਪਟੀਸ਼ਨਰ ਵੱਲੋਂ ਦੱਸਿਆ ਗਿਆ ਕਿ ਜਲੰਧਰ, ਫਾਜ਼ਿਲਕਾ, ਕਪੂਰਥਲਾ ਅਤੇ ਮੋਹਾਲੀ ਸਮੇਤ ਕਈ ਜ਼ਿਲ੍ਹਿਆਂ ਵਿੱਚ ਆਕਸੀਜਨ ਪਲਾਂਟ ਖਰਾਬ ਹਨ। ਪਟੀਸ਼ਨ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਆਕਸੀਜਨ ਸਪਲਾਈ ਵਿੱਚ ਰੁਕਾਵਟ ਕਾਰਨ ਜਲੰਧਰ ਵਿੱਚ ਤਿੰਨ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜੋ ਮਾਮਲੇ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ।
ਪਟੀਸ਼ਨਕਰਤਾ ਨੇ ਇਹ ਵੀ ਇਲਜ਼ਾਮ ਲਗਾਇਆ ਕਿ ਰਾਜ ਸਰਕਾਰ ਨੇ ਆਪਣੇ ਜਵਾਬ ਵਿੱਚ ਕੁਝ ਅਹਿਮ ਤੱਥ ਛੁਪਾਏ ਹਨ। ਦੂਜੇ ਪਾਸੇ, ਸਰਕਾਰ ਦਾ ਕਹਿਣਾ ਹੈ ਕਿ ਹਸਪਤਾਲਾਂ ਵਿੱਚ ਜ਼ਿਆਦਾਤਰ ਆਕਸੀਜਨ ਸਪਲਾਈ ਸਿਲੰਡਰਾਂ ਰਾਹੀਂ ਕੀਤੀ ਜਾ ਰਹੀ ਹੈ, ਜੋ ਲਗਭਗ 99% ਸ਼ੁੱਧਤਾ ਵਾਲੀ ਹੁੰਦੀ ਹੈ, ਜਦਕਿ ਪੀਐਸਏ ਪਲਾਂਟਾਂ ਤੋਂ ਮਿਲਣ ਵਾਲੀ ਆਕਸੀਜਨ ਦੀ ਸ਼ੁੱਧਤਾ 90–96% ਦੇ ਵਿਚਕਾਰ ਹੁੰਦੀ ਹੈ।
ਹਾਈਕੋਰਟ ਨੇ ਇਸ ਮਾਮਲੇ ਨੂੰ ਲੋਕਾਂ ਦੀ ਜ਼ਿੰਦਗੀ ਨਾਲ ਸਿੱਧਾ ਜੁੜਿਆ ਹੋਇਆ ਦੱਸਦਿਆਂ ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਅਤੇ ਪੂਰੀ ਪਾਰਦਰਸ਼ਤਾ ਨਾਲ ਜਵਾਬ ਦੇਣ ਲਈ ਕਿਹਾ ਹੈ।
Get all latest content delivered to your email a few times a month.