ਤਾਜਾ ਖਬਰਾਂ
ਰਾਸ਼ਟਰੀ ਰਾਜਧਾਨੀ ਦੇ ਕਰੋਲ ਬਾਗ ਇਲਾਕੇ ਵਿੱਚ ਮੰਗਲਵਾਰ ਰਾਤ ਉਸ ਵੇਲੇ ਚੀਖ-ਚਿਹਾੜਾ ਮਚ ਗਿਆ, ਜਦੋਂ ਪ੍ਰਸਿੱਧ ਝੰਡੇਵਾਲਨ ਮੰਦਰ ਦੇ ਨੇੜੇ ਇੱਕ ਤੇਜ਼ ਰਫ਼ਤਾਰ ਸਲੀਪਰ ਬੱਸ ਬੇਕਾਬੂ ਹੋ ਕੇ ਪਲਟ ਗਈ। ਇਸ ਦਰਦਨਾਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 23 ਹੋਰ ਮੁਸਾਫ਼ਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ।
ਮੁੱਢਲੀ ਜਾਣਕਾਰੀ ਅਨੁਸਾਰ, ਇਹ ਬੱਸ ਰਾਜਸਥਾਨ ਤੋਂ ਸਵਾਰੀਆਂ ਲੈ ਕੇ ਨੋਇਡਾ ਵੱਲ ਜਾ ਰਹੀ ਸੀ। ਜਦੋਂ ਬੱਸ ਝੰਡੇਵਾਲਨ ਮੰਦਰ ਦੇ ਨਜ਼ਦੀਕ ਪਹੁੰਚੀ, ਤਾਂ ਅਚਾਨਕ ਚਾਲਕ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ। ਇੱਕ ਚਸ਼ਮਦੀਦ ਨੇ ਦੱਸਿਆ ਕਿ ਹਾਦਸੇ ਵੇਲੇ ਬੱਸ ਵਿੱਚ ਲਗਭਗ 30 ਤੋਂ 35 ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਸਥਾਨਕ ਲੋਕਾਂ ਅਤੇ ਪੁਲਿਸ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ।
ਬੁੱਧਵਾਰ ਸਵੇਰੇ ਘਟਨਾ ਸਥਾਨ ਤੋਂ ਸਾਹਮਣੇ ਆਈਆਂ ਤਸਵੀਰਾਂ ਹਾਦਸੇ ਦੀ ਭਿਆਨਕਤਾ ਨੂੰ ਬਿਆਨ ਕਰ ਰਹੀਆਂ ਹਨ। ਬੱਸ ਪੂਰੀ ਤਰ੍ਹਾਂ ਚਕਨਾਚੂਰ ਹੋ ਚੁੱਕੀ ਸੀ ਅਤੇ ਸੜਕ 'ਤੇ ਯਾਤਰੀਆਂ ਦਾ ਸਾਮਾਨ ਇਧਰ-ਉਧਰ ਖਿੱਲਰਿਆ ਪਿਆ ਸੀ। ਜ਼ਖ਼ਮੀਆਂ ਨੂੰ ਤੁਰੰਤ ਦਿੱਲੀ ਦੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਅਨੁਸਾਰ ਜ਼ਿਆਦਾਤਰ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਹ ਖ਼ਤਰੇ ਤੋਂ ਬਾਹਰ ਹਨ।
ਕਰੋਲ ਬਾਗ ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਸ ਗੱਲ ਦੀ ਪੜਤਾਲ ਕਰ ਰਹੀ ਹੈ ਕਿ ਹਾਦਸਾ ਬੱਸ ਦੀ ਤੇਜ਼ ਰਫ਼ਤਾਰ ਕਾਰਨ ਹੋਇਆ ਜਾਂ ਕਿਸੇ ਤਕਨੀਕੀ ਖ਼ਰਾਬੀ ਕਾਰਨ। ਫਿਲਹਾਲ, ਕਰੇਨ ਦੀ ਮਦਦ ਨਾਲ ਬੱਸ ਨੂੰ ਸੜਕ ਤੋਂ ਹਟਾ ਦਿੱਤਾ ਗਿਆ ਹੈ ਅਤੇ ਪ੍ਰਭਾਵਿਤ ਰੂਟ 'ਤੇ ਆਵਾਜਾਈ ਨੂੰ ਦੁਬਾਰਾ ਸੁਚਾਰੂ ਰੂਪ ਵਿੱਚ ਚਾਲੂ ਕਰ ਦਿੱਤਾ ਗਿਆ ਹੈ।
Get all latest content delivered to your email a few times a month.