ਤਾਜਾ ਖਬਰਾਂ
ਗੁਰਦਾਸਪੁਰ ਦੇ ਧਾਰੀਵਾਲ ਇਲਾਕੇ ਵਿੱਚ ਇਕ ਪਰਿਵਾਰ ਦੀ ਦਰਦਨਾਕ ਕਹਾਣੀ ਸਾਹਮਣੇ ਆਈ ਹੈ, ਜਿਸ ਨੇ ਹਰ ਕਿਸੇ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਨੀਰਜ ਸ਼ਰਮਾ ਨਾਮਕ ਮਹਿਲਾ ਦੀ ਜ਼ਿੰਦਗੀ ਪਿਛਲੇ ਕੁਝ ਸਾਲਾਂ ਵਿੱਚ ਲਗਾਤਾਰ ਦੁੱਖਾਂ ਨਾਲ ਘਿਰੀ ਰਹੀ ਹੈ।
ਉਸਦੇ ਪਤੀ ਪਰਮਜੀਤ ਕੁਮਾਰ, ਜੋ ਕਿ ਬਿਜਲੀ ਬੋਰਡ ਵਿੱਚ ਜੂਨੀਅਰ ਇੰਜੀਨੀਅਰ (JE) ਸਨ, ਕਰੰਟ ਲੱਗਣ ਦੀਆਂ ਘਟਨਾਵਾਂ ਕਾਰਨ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਗਏ। ਹਾਲਤ ਇੱਥੇ ਤੱਕ ਪਹੁੰਚ ਗਈ ਕਿ ਉਹਨਾਂ ਨੂੰ ਕੈਂਸਰ ਹੋ ਗਿਆ ਅਤੇ 2013 ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਪਰਿਵਾਰ ਨੂੰ ਸਹਾਰਾ ਦੇਣ ਲਈ 2016 ਵਿੱਚ ਵੱਡੇ ਪੁੱਤਰ ਅਜੇ ਸ਼ਰਮਾ ਨੂੰ ਤਰਸ ਦੇ ਆਧਾਰ ‘ਤੇ ਪਾਵਰਕੌਮ ਵਿੱਚ ਨੌਕਰੀ ਮਿਲੀ, ਜਿਸ ਨਾਲ ਘਰ ਦੀ ਹਾਲਤ ਕੁਝ ਸੁਧਰੀ। ਪਰ ਕਿਸਮਤ ਨੂੰ ਇਹ ਵੀ ਮਨਜ਼ੂਰ ਨਹੀਂ ਸੀ—ਕੁਝ ਹੀ ਸਾਲਾਂ ਵਿੱਚ ਉਹ ਵੀ ਲੀਵਰ ਅਤੇ ਕਿਡਨੀ ਦੀ ਬਿਮਾਰੀ ਨਾਲ ਪੀੜਤ ਹੋ ਗਿਆ ਅਤੇ 2021 ਵਿੱਚ ਉਸ ਦੀ ਵੀ ਮੌਤ ਹੋ ਗਈ।
ਇਸ ਤੋਂ ਬਾਅਦ ਵੀ ਮੁਸੀਬਤਾਂ ਦਾ ਸਿਲਸਿਲਾ ਰੁਕਿਆ ਨਹੀਂ। ਛੋਟੇ ਪੁੱਤਰ ਦੀ ਪਤਨੀ 2023 ਵਿੱਚ ਬਿਮਾਰੀ ਕਾਰਨ ਦਮ ਤੋੜ ਗਈ, ਪਿੱਛੇ ਦੋ ਨਿੱਕੇ ਬੱਚੇ ਛੱਡ ਕੇ, ਜਿਨ੍ਹਾਂ ਵਿੱਚੋਂ ਇੱਕ ਸਰੀਰਕ ਤੌਰ ‘ਤੇ ਅਪਾਹਜ ਹੈ।
ਅੱਜ ਛੋਟਾ ਪੁੱਤਰ ਦਿਹਾੜੀ ਕਰਕੇ ਘਰ ਚਲਾ ਰਿਹਾ ਹੈ, ਜਦਕਿ ਇਲਾਜ ਲਈ ਲਏ ਕਰਜ਼ੇ ਕਾਰਨ ਪਰਿਵਾਰ ‘ਤੇ ਬੈਂਕ ਵੱਲੋਂ ਮਕਾਨ ਖਾਲੀ ਕਰਨ ਦਾ ਦਬਾਅ ਬਣਿਆ ਹੋਇਆ ਹੈ। ਉਪਰੋਂ ਲਗਭਗ 3 ਲੱਖ ਦਾ ਪ੍ਰਾਈਵੇਟ ਕਰਜ਼ਾ ਵੀ ਸਿਰ ‘ਤੇ ਹੈ।
ਨੀਰਜ ਸ਼ਰਮਾ ਸਰਕਾਰ ਅੱਗੇ ਅਪੀਲ ਕਰ ਰਹੀ ਹੈ ਕਿ ਉਸਦੇ ਛੋਟੇ ਪੁੱਤਰ ਨੂੰ ਤਰਸ ਦੇ ਆਧਾਰ ‘ਤੇ ਪਾਵਰਕੌਮ ਵਿੱਚ ਨੌਕਰੀ ਦਿੱਤੀ ਜਾਵੇ ਜਾਂ ਫਿਰ ਕਰਜ਼ਾ ਮਾਫ ਕਰਕੇ ਪਰਿਵਾਰ ਨੂੰ ਰਹਿਣ ਲਈ ਛੱਤ ਬਚਾਈ ਜਾਵੇ।
Get all latest content delivered to your email a few times a month.