ਤਾਜਾ ਖਬਰਾਂ
ਪੰਜਾਬ ਵਿੱਚ ਮੌਸਮ ਵਿਭਾਗ ਨੇ ਅੱਜ ਸੂਬੇ ਦੇ ਕਈ ਹਿੱਸਿਆਂ ਵਿੱਚ ਬੱਦਲਵਾਈ ਅਤੇ ਹਲਕੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਹਾਲਾਂਕਿ ਵਿਭਾਗ ਵੱਲੋਂ ਕੋਈ ਵਿਸ਼ੇਸ਼ 'ਅਲਰਟ' (ਚੇਤਾਵਨੀ) ਜਾਰੀ ਨਹੀਂ ਕੀਤੀ ਗਈ, ਪਰ ਸਰਹੱਦੀ ਅਤੇ ਮਾਲਵਾ ਖੇਤਰ ਦੇ 11 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਉਮੀਦ ਹੈ।
ਕਿੱਥੇ-ਕਿੱਥੇ ਪਵੇਗਾ ਮੀਂਹ?
ਮੌਸਮ ਵਿਗਿਆਨੀਆਂ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ਵਿੱਚ ਮੀਂਹ ਦੀਆਂ ਕਣੀਆਂ ਪੈ ਸਕਦੀਆਂ ਹਨ।
ਮੌਸਮ ਦਾ ਅਗਲਾ ਰੁਝਾਨ:
24 ਮਾਰਚ: ਸੂਬੇ ਭਰ ਵਿੱਚ ਮੌਸਮ ਸਾਫ਼ ਰਹਿਣ ਦੀ ਉਮੀਦ ਹੈ।
25-26 ਮਾਰਚ: ਮੌਸਮ ਇੱਕ ਵਾਰ ਫਿਰ ਕਰਵਟ ਲਵੇਗਾ ਅਤੇ ਕਈ ਜ਼ਿਲ੍ਹਿਆਂ ਵਿੱਚ ਮੁੜ ਬਾਰਿਸ਼ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਬੀਤੇ 24 ਘੰਟਿਆਂ ਦੌਰਾਨ ਪੰਜਾਬ ਦੇ ਔਸਤ ਤਾਪਮਾਨ ਵਿੱਚ 2.1 ਡਿਗਰੀ ਸੈਲਸੀਅਸ ਦਾ ਵਾਧਾ ਦੇਖਿਆ ਗਿਆ ਹੈ। ਰੂਪਨਗਰ ਦਾ ਭਾਖੜਾ ਡੈਮ ਇਲਾਕਾ 28.7 ਡਿਗਰੀ ਸੈਲਸੀਅਸ ਨਾਲ ਸੂਬੇ ਦਾ ਸਭ ਤੋਂ ਗਰਮ ਸਥਾਨ ਰਿਹਾ।
ਪ੍ਰਮੁੱਖ ਸ਼ਹਿਰਾਂ ਦਾ ਪਾਰਾ (ਡਿਗਰੀ ਸੈਲਸੀਅਸ ਵਿੱਚ):
ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪਾਰੇ ਦੀ ਸਥਿਤੀ 'ਤੇ ਨਜ਼ਰ ਮਾਰੀਏ ਤਾਂ ਪਟਿਆਲਾ ਵਿੱਚ ਵੱਧ ਤੋਂ ਵੱਧ ਤਾਪਮਾਨ 28.6 ਡਿਗਰੀ, ਫਿਰੋਜ਼ਪੁਰ ਵਿੱਚ 28.3 ਡਿਗਰੀ, ਚੰਡੀਗੜ੍ਹ ਅਤੇ ਸ੍ਰੀ ਅਨੰਦਪੁਰ ਸਾਹਿਬ ਵਿੱਚ 28.1 ਡਿਗਰੀ, ਫਾਜ਼ਿਲਕਾ ਵਿੱਚ 28.0 ਡਿਗਰੀ, ਲੁਧਿਆਣਾ ਵਿੱਚ 27.8 ਡਿਗਰੀ, ਮੁਹਾਲੀ ਵਿੱਚ 27.7 ਡਿਗਰੀ, ਫਰੀਦਕੋਟ ਵਿੱਚ 27.2 ਡਿਗਰੀ, ਅੰਮ੍ਰਿਤਸਰ ਵਿੱਚ 26.9 ਡਿਗਰੀ, ਰੋਪੜ ਵਿੱਚ 26.7 ਡਿਗਰੀ, ਪਠਾਨਕੋਟ ਅਤੇ ਬੱਲੋਵਾਲ ਸੌਂਖੜੀ ਵਿੱਚ 26.0 ਡਿਗਰੀ, ਹੁਸ਼ਿਆਰਪੁਰ ਵਿੱਚ 25.9 ਡਿਗਰੀ ਅਤੇ ਥੀਨ ਡੈਮ ਵਿਖੇ 25.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮਾਹਿਰਾਂ ਅਨੁਸਾਰ, ਭਾਵੇਂ ਤਾਪਮਾਨ ਵਧਿਆ ਹੈ, ਪਰ ਇਹ ਅਜੇ ਵੀ ਆਮ ਦੇ ਆਸ-ਪਾਸ ਹੀ ਬਣਿਆ ਹੋਇਆ ਹੈ। ਆਉਣ ਵਾਲੇ ਦਿਨਾਂ ਵਿੱਚ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ, ਪਰ ਕਿਸਾਨਾਂ ਲਈ ਬਦਲਦਾ ਮੌਸਮ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
Get all latest content delivered to your email a few times a month.