ਤਾਜਾ ਖਬਰਾਂ
ਜੇਕਰ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਹਵਾਈ ਯਾਤਰਾ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ। ਭਾਰਤੀ ਹਵਾਈ ਸੈਨਾ (IAF) ਵੱਲੋਂ ਦੇਸ਼ ਦੇ ਚਾਰ ਪ੍ਰਮੁੱਖ ਹਵਾਈ ਅੱਡਿਆਂ— ਆਦਮਪੁਰ (ਪੰਜਾਬ), ਜੋਧਪੁਰ, ਸ੍ਰੀਨਗਰ ਅਤੇ ਪੁਣੇ—ਦੇ ਰਨਵੇਅ ਦੀ ਮੁਰੰਮਤ (ਰੀਕਾਰਪੇਟਿੰਗ) ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਕਾਰਨ ਇਨ੍ਹਾਂ ਸ਼ਹਿਰਾਂ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਲੰਬੇ ਸਮੇਂ ਲਈ ਬੰਦ ਜਾਂ ਪ੍ਰਭਾਵਿਤ ਰਹਿ ਸਕਦੀਆਂ ਹਨ।
ਪੰਜਾਬ ਦੇ ਯਾਤਰੀਆਂ ਨੂੰ ਵੱਡਾ ਝਟਕਾ: ਆਦਮਪੁਰ 8 ਮਹੀਨੇ ਲਈ ਬੰਦ
ਸਭ ਤੋਂ ਜ਼ਿਆਦਾ ਪ੍ਰਭਾਵ ਪੰਜਾਬ ਦੇ ਜਲੰਧਰ ਨੇੜਲੇ ਆਦਮਪੁਰ ਏਅਰਬੇਸ 'ਤੇ ਪੈਣ ਜਾ ਰਿਹਾ ਹੈ। ਮੁਰੰਮਤ ਦੇ ਕੰਮ ਕਾਰਨ ਇੱਥੇ ਉਡਾਣਾਂ ਸਾਲ ਦੇ ਅਖੀਰ ਤੱਕ ਲਗਭਗ 8 ਮਹੀਨਿਆਂ ਲਈ ਮੁਅੱਤਲ ਰਹਿਣ ਦੀ ਸੰਭਾਵਨਾ ਹੈ। ਇਨ੍ਹਾਂ ਚਾਰਾਂ ਹਵਾਈ ਅੱਡਿਆਂ ਵਿੱਚੋਂ ਆਦਮਪੁਰ ਸਭ ਤੋਂ ਲੰਬੇ ਸਮੇਂ ਲਈ ਬੰਦ ਰਹਿਣ ਵਾਲਾ ਏਅਰਪੋਰਟ ਹੋਵੇਗਾ, ਜਿਸ ਕਾਰਨ ਦੋਆਬਾ ਖੇਤਰ ਦੇ ਮੁਸਾਫਰਾਂ ਨੂੰ ਅੰਮ੍ਰਿਤਸਰ ਜਾਂ ਚੰਡੀਗੜ੍ਹ ਦੇ ਰੂਟ ਅਪਣਾਉਣੇ ਪੈ ਸਕਦੇ ਹਨ।
ਜੋਧਪੁਰ ਅਤੇ ਸ੍ਰੀਨਗਰ ਦਾ ਸ਼ਡਿਊਲ ਵੀ ਬਦਲਿਆ
ਜੋਧਪੁਰ: ਇੱਥੇ 29 ਮਾਰਚ ਤੋਂ 27 ਅਪ੍ਰੈਲ ਤੱਕ ਉਡਾਣਾਂ ਪੂਰੀ ਤਰ੍ਹਾਂ ਠੱਪ ਰਹਿਣਗੀਆਂ। ਇੰਡੀਗੋ ਅਤੇ ਏਅਰ ਇੰਡੀਆ ਵਰਗੀਆਂ ਕੰਪਨੀਆਂ ਨੇ 28 ਮਾਰਚ ਤੋਂ ਬਾਅਦ ਦੀਆਂ ਬੁਕਿੰਗਾਂ ਪਹਿਲਾਂ ਹੀ ਬੰਦ ਕਰ ਦਿੱਤੀਆਂ ਹਨ।
ਸ੍ਰੀਨਗਰ: ਅਗਸਤ ਤੋਂ ਅਕਤੂਬਰ ਦੇ ਮਹੀਨਿਆਂ ਦੌਰਾਨ ਹਰ ਵੀਕੈਂਡ 'ਤੇ ਉਡਾਣਾਂ ਵਿੱਚ ਵਿਘਨ ਪਵੇਗਾ। ਇਸ ਤੋਂ ਬਾਅਦ, 16 ਅਕਤੂਬਰ ਤੋਂ 5 ਨਵੰਬਰ ਤੱਕ ਹਵਾਈ ਅੱਡਾ ਮੁਕੰਮਲ ਤੌਰ 'ਤੇ ਬੰਦ ਰਹੇਗਾ।
ਪੁਣੇ ਏਅਰਪੋਰਟ 'ਤੇ ਵੀ ਰਨਵੇਅ ਦੇ ਨਵੀਨੀਕਰਨ ਦੀ ਯੋਜਨਾ ਹੈ, ਹਾਲਾਂਕਿ ਇਸ ਬਾਰੇ ਅਧਿਕਾਰਤ ਤਰੀਕਾਂ ਦਾ ਐਲਾਨ ਜਲਦੀ ਹੀ ਕੀਤੇ ਜਾਣ ਦੀ ਉਮੀਦ ਹੈ।
ਏਅਰਲਾਈਨਾਂ ਨੇ ਬੰਦ ਕੀਤੀ ਬੁਕਿੰਗ
ਰਨਵੇਅ ਦੀ ਮੁਰੰਮਤ ਦੇ ਮੱਦੇਨਜ਼ਰ ਵੱਖ-ਵੱਖ ਏਅਰਲਾਈਨਾਂ ਨੇ ਆਪਣੇ ਸਿਸਟਮ ਵਿੱਚ ਬਦਲਾਅ ਕਰ ਦਿੱਤਾ ਹੈ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਟਿਕਟ ਬੁੱਕ ਕਰਨ ਤੋਂ ਪਹਿਲਾਂ ਏਅਰਲਾਈਨ ਦੀ ਵੈੱਬਸਾਈਟ 'ਤੇ ਉਡਾਣ ਦੀ ਉਪਲਬਧਤਾ ਜ਼ਰੂਰ ਚੈੱਕ ਕਰ ਲੈਣ।
ਹਵਾਈ ਸੈਨਾ ਮੁਤਾਬਕ, ਇਹ ਮੁਰੰਮਤ ਫੌਜੀ ਅਤੇ ਸਿਵਲ ਦੋਵਾਂ ਤਰ੍ਹਾਂ ਦੀਆਂ ਉਡਾਣਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬੇਹੱਦ ਲਾਜ਼ਮੀ ਹੈ।
Get all latest content delivered to your email a few times a month.