IMG-LOGO
ਹੋਮ ਪੰਜਾਬ: ਅੰਮ੍ਰਿਤਸਰ ‘ਚ ਦਿਲ ਦਹਿਲਾ ਦੇਣ ਵਾਲਾ ਮਾਮਲਾ: ਜਾਇਦਾਦ ਦੇ ਲਾਲਚ...

ਅੰਮ੍ਰਿਤਸਰ ‘ਚ ਦਿਲ ਦਹਿਲਾ ਦੇਣ ਵਾਲਾ ਮਾਮਲਾ: ਜਾਇਦਾਦ ਦੇ ਲਾਲਚ ‘ਚ ਪੁੱਤਰ ਨੇ ਕਰਵਾਇਆ ਮਾਂ ਦਾ ਕਤਲ

Admin User - Mar 20, 2026 07:19 PM
IMG

ਅੰਮ੍ਰਿਤਸਰ ਦੇ ਪਿੰਡ ਮੋਹਨ-ਭੰਡਾਰੀਆਂ ਵਿੱਚ ਵਾਪਰੇ ਇੱਕ ਅੰਨ੍ਹੇ ਕਤਲ ਮਾਮਲੇ ਨੇ ਸਾਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਸੀ, ਜਿਸਦੀ ਗੁੱਥੀ ਹੁਣ ਪੁਲਿਸ ਨੇ ਸੁਲਝਾ ਲਈ ਹੈ। ਇਸ ਮਾਮਲੇ ਦੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸਾਹਮਣੇ ਆਈ ਹੈ ਕਿ ਮ੍ਰਿਤਕ ਮਹਿਲਾ ਦਾ ਆਪਣਾ ਪੁੱਤਰ ਹੀ ਇਸ ਹੱਤਿਆ ਦਾ ਮੁੱਖ ਸਾਜ਼ਿਸ਼ਕਰਤਾ ਨਿਕਲਿਆ।

ਪੁਲਿਸ ਅਧਿਕਾਰੀਆਂ ਮੁਤਾਬਕ, 14 ਮਾਰਚ 2026 ਨੂੰ 65 ਸਾਲਾ ਪਰਮਜੀਤ ਕੌਰ ਆਪਣੇ ਨਵੇਂ ਤਿਆਰ ਹੋ ਰਹੇ ਘਰ ਵਿੱਚ ਇਕੱਲੀ ਮੌਜੂਦ ਸੀ। ਉਸ ਸਮੇਂ ਮਕਾਨ ‘ਤੇ ਕੰਮ ਕਰ ਰਹੇ ਮਜ਼ਦੂਰ ਖਾਣੇ ਲਈ ਗਏ ਹੋਏ ਸਨ। ਇਸ ਮੌਕੇ ਦਾ ਫਾਇਦਾ ਚੁੱਕਦਿਆਂ ਦੋ ਵਿਅਕਤੀ ਘਰ ਵਿੱਚ ਦਾਖਲ ਹੋਏ ਅਤੇ ਬਿਜਲੀ ਦੀ ਤਾਰ ਨਾਲ ਉਸ ਦਾ ਗਲਾ ਘੁੱਟ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਵਾਰਦਾਤ ਤੋਂ ਬਾਅਦ ਦੋਵੇਂ ਮੁਲਜ਼ਮ ਘਰ ਵਿੱਚੋਂ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ।

ਘਟਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਜਾਂਚ ਸ਼ੁਰੂ ਕੀਤੀ ਅਤੇ ਸੀਸੀਟੀਵੀ ਫੁਟੇਜ ਤੇ ਤਕਨੀਕੀ ਸਬੂਤਾਂ ਦੀ ਮਦਦ ਨਾਲ ਕੇਸ ਵਿੱਚ ਅਹਿਮ ਪ੍ਰਗਤੀ ਕੀਤੀ। 16 ਮਾਰਚ ਨੂੰ ਦੋ ਸ਼ੱਕੀ ਵਿਅਕਤੀਆਂ—ਹਰਮਨਪ੍ਰੀਤ ਸਿੰਘ ਅਤੇ ਗੁਰਸੇਵਕ ਸਿੰਘ—ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਉਨ੍ਹਾਂ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਮੋਟਰਸਾਈਕਲ, ਸੋਨੇ ਦੇ ਗਹਿਣੇ ਅਤੇ ਕਤਲ ਲਈ ਵਰਤੀ ਤਾਰ ਵੀ ਬਰਾਮਦ ਕੀਤੀ।

ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਇਹ ਸਾਰਾ ਸਾਜ਼ਿਸ਼ ਮ੍ਰਿਤਕ ਮਹਿਲਾ ਦੇ ਪੁੱਤਰ ਸੁਮਨਦੀਪ ਸਿੰਘ ਨੇ ਰਚੀ ਸੀ। ਇਸ ਖੁਲਾਸੇ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 19 ਮਾਰਚ ਨੂੰ ਸੁਮਨਦੀਪ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ।

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਸੁਮਨਦੀਪ ਦਾ ਆਪਣੀ ਮਾਂ ਨਾਲ ਜਾਇਦਾਦ ਨੂੰ ਲੈ ਕੇ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਉਹ ਨਵਾਂ ਬਣ ਰਿਹਾ ਘਰ ਆਪਣੇ ਨਾਮ ਕਰਵਾਉਣਾ ਚਾਹੁੰਦਾ ਸੀ, ਪਰ ਮਾਂ ਦੇ ਇਨਕਾਰ ਕਰਨ ‘ਤੇ ਉਸ ਨੇ ਕਿਰਾਏ ਦੇ ਕਾਤਲਾਂ ਰਾਹੀਂ ਇਹ ਦਹਿਲਾ ਦੇਣ ਵਾਲੀ ਸਾਜ਼ਿਸ਼ ਰਚੀ।

ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹੋਰ ਵੀ ਗਹਿਰਾਈ ਨਾਲ ਜਾਂਚ ਜਾਰੀ ਹੈ ਅਤੇ ਸਾਰੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਕੜੀ ਸਜ਼ਾ ਦਿਵਾਉਣ ਲਈ ਕਾਰਵਾਈ ਕੀਤੀ ਜਾਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.