ਤਾਜਾ ਖਬਰਾਂ
ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਹਲਕੇ ਦੇ ਪਿੰਡ ਬੱਡੋਆਣਾ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਅਤੇ ਹੜਕੰਪ ਮਚ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਛੋਟਾ ਹਾਥੀ (ਲੋਡਿੰਗ ਵਾਹਨ), ਜਿਸ ਵਿੱਚ ਕਈ ਸਵਾਰੀਆਂ ਬੈਠੀਆਂ ਹੋਈਆਂ ਸਨ, ਚੱਬੇਵਾਲ ਤੋਂ ਗੜ੍ਹਸ਼ੰਕਰ ਵੱਲ ਜਾ ਰਿਹਾ ਸੀ। ਜਿਵੇਂ ਹੀ ਇਹ ਵਾਹਨ ਪਿੰਡ ਬੱਡੋਆਣਾ ਦੇ ਨੇੜੇ ਪਹੁੰਚਿਆ, ਉਧਰੋਂ ਆ ਰਹੀ ਤੇਜ਼ ਰਫ਼ਤਾਰ ਪੰਜਾਬ ਰੋਡਵੇਜ਼ ਦੀ ਬੱਸ ਨੇ ਓਵਰਟੇਕ ਕਰਦੇ ਸਮੇਂ ਛੋਟੇ ਹਾਥੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਭਿਆਨਕ ਸੀ ਕਿ ਛੋਟੇ ਹਾਥੀ ਦਾ ਪਿੱਛਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨੀ ਹੋ ਗਿਆ ਅਤੇ ਪਿੱਛੇ ਬੈਠੀਆਂ ਸਵਾਰੀਆਂ ਨੂੰ ਗੰਭੀਰ ਚੋਟਾਂ ਲੱਗੀਆਂ। ਹਾਦਸੇ ਤੋਂ ਬਾਅਦ ਮੌਕੇ ‘ਤੇ ਚੀਕਾਂ-ਚਿਹਾੜੇ ਮਚ ਗਏ, ਜਿਸ ਨੂੰ ਸੁਣ ਕੇ ਨੇੜਲੇ ਪਿੰਡਾਂ ਦੇ ਲੋਕ ਤੁਰੰਤ ਮਦਦ ਲਈ ਦੌੜੇ ਅਤੇ ਜ਼ਖਮੀਆਂ ਨੂੰ ਵਾਹਨਾਂ ਰਾਹੀਂ ਸਿਵਲ ਹਸਪਤਾਲ ਮਾਹਿਲਪੁਰ ਪਹੁੰਚਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਲੋਕ ਚੱਬੇਵਾਲ ਵਿਖੇ ਆਪਣੇ ਰਿਸ਼ਤੇਦਾਰ ਦੇ ਭੋਗ ਸਮਾਗਮ ‘ਚ ਸ਼ਾਮਿਲ ਹੋ ਕੇ ਆਪਣੇ ਪਿੰਡ ਚੱਕ ਫੁੱਲੂ ਵਾਪਸ ਆ ਰਹੇ ਸਨ। ਇਸ ਹਾਦਸੇ ਵਿੱਚ ਲਗਭਗ 11 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੈ। ਗੰਭੀਰ ਜ਼ਖਮੀਆਂ ਵਿੱਚੋਂ 4 ਨੂੰ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ।
ਇਸ ਦਰਮਿਆਨ ਇੱਕ ਵਿਅਕਤੀ ਦੀ ਮੌਤ ਹੋਣ ਦੀ ਵੀ ਖ਼ਬਰ ਸਾਹਮਣੇ ਆ ਰਹੀ ਹੈ, ਹਾਲਾਂਕਿ ਇਸ ਦੀ ਅਜੇ ਤੱਕ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਾਦਸੇ ਦੇ ਕਾਰਣਾਂ ਦੀ ਪੜਤਾਲ ਕੀਤੀ ਜਾ ਰਹੀ ਹੈ।
Get all latest content delivered to your email a few times a month.