ਤਾਜਾ ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਦੌਰਾਨ ਆਪਣੀ ਸਰਕਾਰ ਦੇ ਚਾਰ ਸਾਲਾਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਦਾ ਵੇਰਵਾ ਸਾਂਝਾ ਕੀਤਾ। ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਦੀ ਮੌਜੂਦਗੀ ਵਿੱਚ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸਿੰਚਾਈ ਵਿਭਾਗ ਵਿੱਚ ਪਿਛਲੇ ਚਾਰ ਸਾਲਾਂ ਦੌਰਾਨ ਹੋਇਆ ਕੰਮ ਆਜ਼ਾਦੀ ਤੋਂ ਬਾਅਦ ਦੇ ਇਤਿਹਾਸ ਵਿੱਚ ਬੇਮਿਸਾਲ ਹੈ।
ਰਿਕਾਰਡ ਬਜਟ ਅਤੇ ਨਹਿਰੀ ਪਾਣੀ ਦਾ ਵਿਸਤਾਰ
ਸੀਐਮ ਮਾਨ ਨੇ ਦੱਸਿਆ ਕਿ ਅਪ੍ਰੈਲ 2022 ਤੋਂ ਮਾਰਚ 2026 ਤੱਕ ਦੇ ਚਾਰ ਸਾਲਾਂ ਵਿੱਚ ਸਿੰਚਾਈ ਵਿਭਾਗ 'ਤੇ 6700 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ, ਜੋ ਕਿ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਲਗਭਗ ਤਿੰਨ ਗੁਣਾ ਵੱਧ ਹੈ। ਉਨ੍ਹਾਂ ਅੰਕੜੇ ਪੇਸ਼ ਕਰਦਿਆਂ ਕਿਹਾ:
2022 ਦੀ ਸਥਿਤੀ: ਸਿਰਫ਼ 20.89 ਲੱਖ ਏਕੜ (26.5%) ਰਕਬੇ ਨੂੰ ਨਹਿਰੀ ਪਾਣੀ ਮਿਲਦਾ ਸੀ।
2026 ਦੀ ਸਥਿਤੀ: ਹੁਣ ਇਹ ਅੰਕੜਾ ਵਧ ਕੇ 58 ਲੱਖ ਏਕੜ (78%) ਤੱਕ ਪਹੁੰਚ ਗਿਆ ਹੈ।
ਸਰਕਾਰ ਦਾ ਟੀਚਾ ਪੰਜਾਬ ਦੇ ਕੁੱਲ 75.89 ਲੱਖ ਏਕੜ ਰਕਬੇ ਨੂੰ ਨਹਿਰੀ ਸਿੰਚਾਈ ਹੇਠ ਲਿਆਉਣਾ ਹੈ।
ਖਾਲਿਆਂ ਦਾ ਨਿਰਮਾਣ ਅਤੇ ਮੁਰੰਮਤ
ਮੁੱਖ ਮੰਤਰੀ ਨੇ ਦੱਸਿਆ ਕਿ ਪਾਣੀ ਨੂੰ ਖੇਤਾਂ ਦੇ ਅਖੀਰਲੇ ਸਿਰੇ ਤੱਕ ਪਹੁੰਚਾਉਣ ਲਈ 'ਵਾਟਰ ਕੋਰਸਸ' (ਖਾਲਿਆਂ) 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ:
2000 ਕਰੋੜ ਦੀ ਲਾਗਤ ਨਾਲ 13,938 ਕਿਲੋਮੀਟਰ ਨਵੇਂ ਖਾਲੇ ਬਣਾਏ ਗਏ।
18,349 ਕਿਲੋਮੀਟਰ ਪੁਰਾਣੇ ਖਾਲਿਆਂ ਦੀ ਮੁਰੰਮਤ ਕੀਤੀ ਗਈ।
ਬੰਦ ਪਈਆਂ 101 ਬਰਸਾਤੀ ਨਦੀਆਂ ਅਤੇ ਨਾਲਿਆਂ ਨੂੰ ਮੁੜ ਸੁਰਜੀਤ ਕੀਤਾ ਗਿਆ ਹੈ, ਜਿਸ ਨਾਲ 545 ਕਿਲੋਮੀਟਰ ਦੀ ਲੰਬਾਈ ਤੱਕ ਜਲ ਪ੍ਰਵਾਹ ਦੁਬਾਰਾ ਸ਼ੁਰੂ ਹੋਇਆ ਹੈ।
ਆਉਣ ਵਾਲੇ ਦਿਨਾਂ 'ਚ ਹੋਰ ਵਿਭਾਗਾਂ ਦਾ ਹੋਵੇਗਾ ਲੇਖਾ-ਜੋਖਾ
ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਇਹ ਪ੍ਰੈੱਸ ਕਾਨਫਰੰਸ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਇੱਕ ਲੜੀ ਦਾ ਹਿੱਸਾ ਹੈ। ਉਨ੍ਹਾਂ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਖੇਤੀਬਾੜੀ, ਸਿਹਤ, ਸਿੱਖਿਆ, ਟ੍ਰਾਂਸਪੋਰਟ ਅਤੇ ਰੁਜ਼ਗਾਰ ਵਰਗੇ ਅਹਿਮ ਵਿਭਾਗਾਂ ਦੀਆਂ ਰਿਪੋਰਟਾਂ ਵੀ ਜਨਤਕ ਕੀਤੀਆਂ ਜਾਣਗੀਆਂ।
Get all latest content delivered to your email a few times a month.