ਤਾਜਾ ਖਬਰਾਂ
ਮਰਹੂਮ ਪੰਜਾਬੀ ਗਾਇਕ Sidhu Moosewala ਦੇ ਘਰ ਅੱਜ ਖੁਸ਼ੀਆਂ ਦਾ ਮਾਹੌਲ ਦੇਖਣ ਨੂੰ ਮਿਲਿਆ। ਉਨ੍ਹਾਂ ਦੇ ਛੋਟੇ ਭਰਾ ਸ਼ੁਭਦੀਪ ਸਿੰਘ ਦਾ ਅੱਜ ਦੂਜਾ ਜਨਮਦਿਨ ਮਨਾਇਆ ਗਿਆ। ਇਸ ਮੌਕੇ ‘ਤੇ ਮੂਸੇਵਾਲਾ ਦੀ ਹਵੇਲੀ ‘ਚ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਇਕੱਠੇ ਹੋਏ ਅਤੇ ਛੋਟੇ ਸ਼ੁਭਦੀਪ ਨਾਲ ਕੇਕ ਕੱਟ ਕੇ ਜਨਮਦਿਨ ਦਾ ਜਸ਼ਨ ਮਨਾਇਆ।
ਮੂਸੇਵਾਲਾ ਦੇ ਮਾਤਾ-ਪਿਤਾ ਚਰਨ ਕੌਰ ਅਤੇ ਬਲਕੌਰ ਸਿੰਘ ਨੇ ਆਪਣੇ ਘਰ ਪਹੁੰਚ ਰਹੇ ਹਰ ਪ੍ਰਸ਼ੰਸਕ ਦਾ ਦਿਲੋਂ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿਵੇਂ ਲੋਕ ਉਨ੍ਹਾਂ ਦੇ ਵੱਡੇ ਪੁੱਤਰ ਸਿੱਧੂ ਮੂਸੇਵਾਲਾ ਨੂੰ ਬੇਇੰਤਹਾ ਪਿਆਰ ਕਰਦੇ ਸਨ, ਉਸੇ ਤਰ੍ਹਾਂ ਹੁਣ ਛੋਟੇ ਸ਼ੁਭਦੀਪ ਨੂੰ ਵੀ ਲੋਕਾਂ ਵੱਲੋਂ ਵੱਡਾ ਪਿਆਰ ਮਿਲ ਰਿਹਾ ਹੈ।
ਜਨਮਦਿਨ ਦੇ ਮੌਕੇ ‘ਤੇ ਹਵੇਲੀ ਵਿੱਚ ਖਾਸ ਰੌਣਕਾਂ ਦੇਖਣ ਨੂੰ ਮਿਲੀਆਂ। ਪ੍ਰਸ਼ੰਸਕ ਛੋਟੇ ਸ਼ੁਭਦੀਪ ਨਾਲ ਸੈਲਫੀਆਂ ਲੈਂਦੇ ਅਤੇ ਉਸ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦੇ ਨਜ਼ਰ ਆਏ। ਇਸ ਮੌਕੇ ‘ਤੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਭਾਵੇਂ ਉਨ੍ਹਾਂ ਦਾ ਵੱਡਾ ਪੁੱਤਰ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ, ਪਰ ਉਸ ਦੇ ਚਾਹੁਣ ਵਾਲਿਆਂ ਨੇ ਕਦੇ ਵੀ ਉਸ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ।
ਉਥੇ ਹੀ ਮਾਂ ਚਰਨ ਕੌਰ ਨੇ ਕਿਹਾ ਕਿ ਵਾਹਿਗੁਰੂ ਦੀ ਮੇਹਰ ਨਾਲ ਉਨ੍ਹਾਂ ਦੇ ਘਰ ਮੁੜ ਖੁਸ਼ੀਆਂ ਆਈਆਂ ਹਨ ਅਤੇ ਲੋਕ ਛੋਟੇ ਸ਼ੁਭਦੀਪ ‘ਤੇ ਪਿਆਰ ਦੀ ਵਰਖਾ ਕਰ ਰਹੇ ਹਨ।
ਗੌਰਤਲਬ ਹੈ ਕਿ ਪੰਜਾਬੀ ਗਾਇਕ Sidhu Moosewala ਦੀ 29 ਮਈ 2022 ਨੂੰ Mansa ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਦਿਨ ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਵੇਲੇ 28 ਸਾਲਾ ਗਾਇਕ ਆਪਣੀ ਗੱਡੀ ਵਿੱਚ ਸਫ਼ਰ ਕਰ ਰਹੇ ਸਨ ਜਦੋਂ ਹਮਲਾਵਰਾਂ ਨੇ ਉਨ੍ਹਾਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਬਾਅਦ ਵਿੱਚ ਗੈਂਗਸਟਰ Lawrence Bishnoi ਅਤੇ Goldy Brar ਗੈਂਗ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਸੀ।
ਅੱਜ ਵੀ ਮੂਸੇਵਾਲਾ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਯਾਦ ਕਰਦੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਆਪਣਾ ਪਿਆਰ ਤੇ ਸਹਿਯੋਗ ਜਤਾਉਂਦੇ ਰਹਿੰਦੇ ਹਨ। ਛੋਟੇ ਸ਼ੁਭਦੀਪ ਦੇ ਜਨਮਦਿਨ ਮੌਕੇ ਵੀ ਇਹ ਪਿਆਰ ਸਾਫ਼ ਤੌਰ ‘ਤੇ ਦੇਖਣ ਨੂੰ ਮਿਲਿਆ।
Get all latest content delivered to your email a few times a month.