IMG-LOGO
ਹੋਮ ਪੰਜਾਬ: ਕੁਲਦੀਪ ਧਾਲੀਵਾਲ ਦਾ ਸੁਖਬੀਰ ਬਾਦਲ ‘ਤੇ ਤਿੱਖਾ ਨਿਸ਼ਾਨਾ, ਕਿਹਾ –...

ਕੁਲਦੀਪ ਧਾਲੀਵਾਲ ਦਾ ਸੁਖਬੀਰ ਬਾਦਲ ‘ਤੇ ਤਿੱਖਾ ਨਿਸ਼ਾਨਾ, ਕਿਹਾ – "ਗੈਂਗਸਟਰਾਂ ਖ਼ਿਲਾਫ਼ ਬੋਲਣ ਵਾਲੇ ਖੁਦ ਗੈਂਗਸਟਰਾਂ ਨੂੰ ਅੱਗੇ ਲਿਆ ਰਹੇ”

Admin User - Mar 17, 2026 07:29 PM
IMG

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਕੜਾ ਹਮਲਾ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਹਾਲੀਆ ਨਿਯੁਕਤੀਆਂ ਅਤੇ ਫੈਸਲਿਆਂ ਤੋਂ ਇਹ ਸਾਫ਼ ਹੋ ਗਿਆ ਹੈ ਕਿ ਪਾਰਟੀ ਆਉਣ ਵਾਲੀਆਂ 2027 ਦੀਆਂ ਚੋਣਾਂ ਲਈ ਕਿਸ ਤਰ੍ਹਾਂ ਦਾ ਮਾਡਲ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਤੋਂ ਕੰਚਨਪ੍ਰੀਤ ਕੌਰ ਨੂੰ ਹਲਕਾ ਇੰਚਾਰਜ ਬਣਾਉਣਾ ਇਸ ਗੱਲ ਦਾ ਸੰਕੇਤ ਹੈ ਕਿ ਅਕਾਲੀ ਦਲ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਨੂੰ ਅੱਗੇ ਲਿਆਉਣ ਦੀ ਨੀਤੀ ‘ਤੇ ਚੱਲ ਰਹੀ ਹੈ।

ਪਾਰਟੀ ਦਫਤਰ ਵਿੱਚ ਮੰਗਲਵਾਰ ਨੂੰ ਪ੍ਰੈਸ ਕਾਨਫਰੰਸ ਕਰਦੇ ਹੋਏ ਧਾਲੀਵਾਲ ਨੇ ਕਿਹਾ ਕਿ ਜਿਵੇਂ ਭਾਜਪਾ ਆਪਣੇ ਗੁਜਰਾਤ ਮਾਡਲ ਦੀ ਗੱਲ ਕਰਦੀ ਹੈ ਜਾਂ ਹਰਿਆਣਾ ਸਰਕਾਰ ਹਰਿਆਣਾ ਮਾਡਲ ਦੀ, ਉਸੇ ਤਰ੍ਹਾਂ ਹੁਣ ਸੁਖਬੀਰ ਬਾਦਲ ਪੰਜਾਬ ਵਿੱਚ ਆਪਣਾ “ਸੁਖਬੀਰ ਮਾਡਲ” ਲਾਗੂ ਕਰਨਾ ਚਾਹੁੰਦੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਇਹ ਮਾਡਲ ਪੰਜਾਬ ਵਿੱਚ ਗੈਂਗਸਟਰਾਂ ਅਤੇ ਵਿਵਾਦਤ ਪਿਛੋਕੜ ਵਾਲੇ ਲੋਕਾਂ ਨੂੰ ਰਾਜਨੀਤੀ ਵਿੱਚ ਅੱਗੇ ਲਿਆਉਣ ਵਾਲਾ ਹੈ।

ਧਾਲੀਵਾਲ ਨੇ ਕਿਹਾ ਕਿ ਜੇਕਰ ਅਕਾਲੀ ਦਲ ਸੱਚਮੁੱਚ ਹੀ ਇਸ ਤਰ੍ਹਾਂ ਦੀ ਮੁਹਿੰਮ ਚਲਾ ਰਿਹਾ ਹੈ ਤਾਂ ਸੁਖਬੀਰ ਬਾਦਲ ਨੂੰ ਹੁਣੇ ਹੀ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਆਪਣੇ ਉਮੀਦਵਾਰਾਂ ਦੇ ਨਾਮ ਘੋਸ਼ਿਤ ਕਰ ਦੇਣੇ ਚਾਹੀਦੇ ਹਨ। ਇਸ ਨਾਲ ਪੰਜਾਬ ਦੇ ਲੋਕਾਂ ਨੂੰ ਇਹ ਪਤਾ ਲੱਗ ਜਾਵੇਗਾ ਕਿ ਪਾਰਟੀ ਕਿਹੜੇ ਕਿਸਮ ਦੇ ਲੋਕਾਂ ਨੂੰ ਅੱਗੇ ਕਰਨਾ ਚਾਹੁੰਦੀ ਹੈ।

ਉਨ੍ਹਾਂ ਤੰਜ਼ ਕਸਦਿਆਂ ਕਿਹਾ ਕਿ ਅਬੋਹਰ ਤੋਂ ਜਗਦੀਸ਼ ਭੋਲੇ ਵਰਗਿਆਂ ਨੂੰ ਟਿਕਟ ਦੇਣ ਦਾ ਵੀ ਐਲਾਨ ਕਰ ਦਿੱਤਾ ਜਾਵੇ ਅਤੇ ਡੇਰਾ ਬਾਬਾ ਨਾਨਕ ਹਲਕੇ ਤੋਂ ਅਲਗੋ ਵਰਗਿਆਂ ਦੇ ਨਾਮ ਕਿਉਂ ਨਹੀਂ ਸਾਹਮਣੇ ਲਿਆਏ ਜਾ ਰਹੇ। ਧਾਲੀਵਾਲ ਨੇ ਕਿਹਾ ਕਿ ਜੇਕਰ ਅਕਾਲੀ ਦਲ ਨੂੰ ਪੰਜਾਬ ਦੇ ਜਖ਼ਮਾਂ ‘ਤੇ ਲੂਣ ਛਿੜਕਣਾ ਹੀ ਹੈ ਤਾਂ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਨਾਲ ਜੁੜੇ ਵਿਵਾਦਤ ਅਧਿਕਾਰੀਆਂ ਜਿਵੇਂ ਸੁਮੇਧ ਸੈਣੀ ਅਤੇ ਉਮਰਾਨੰਗਲ ਵਰਗਿਆਂ ਨੂੰ ਵੀ ਚੋਣ ਮੈਦਾਨ ਵਿੱਚ ਉਤਾਰ ਦੇਣਾ ਚਾਹੀਦਾ ਹੈ।

ਆਪ ਵਿਧਾਇਕ ਨੇ ਇਹ ਵੀ ਕਿਹਾ ਕਿ ਸੁਖਬੀਰ ਬਾਦਲ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਵੀ ਉਮੀਦਵਾਰਾਂ ਦੀ ਸੂਚੀ ਮੰਗਵਾ ਲੈਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੇ ਕਥਿਤ “ਗੈਂਗਸਟਰ ਅਤੇ ਗੁਨਾਹਗਾਰ ਮਾਡਲ” ਦੀ ਤਸਵੀਰ ਸਪੱਸ਼ਟ ਹੋ ਸਕੇ।

ਧਾਲੀਵਾਲ ਨੇ ਅੱਗੇ ਦੋਸ਼ ਲਗਾਇਆ ਕਿ ਬਾਦਲ ਪਰਿਵਾਰ ਨਾਲ ਜੁੜੇ ਕੁਝ ਲੋਕਾਂ ਨੇ ਦਰਬਾਰ ਸਾਹਿਬ ਦੇ ਲੰਗਰ ਨਾਲ ਸੰਬੰਧਿਤ ਸੁੱਕੀਆਂ ਰੋਟੀਆਂ ਵਾਲੇ ਵਿਵਾਦ ਵਿੱਚ ਪੈਸਾ ਇਕੱਠਾ ਕੀਤਾ ਸੀ ਅਤੇ ਅਜਿਹੇ ਲੋਕਾਂ ਨੂੰ ਵੀ ਅਕਾਲੀ ਦਲ ਟਿਕਟਾਂ ਦੇ ਸਕਦਾ ਹੈ। ਉਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਚੋਰੀ ਅਤੇ ਧਾਰਮਿਕ ਮਾਮਲਿਆਂ ਨਾਲ ਜੁੜੇ ਵਿਵਾਦਾਂ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਮਾਮਲਿਆਂ ਨਾਲ ਜੁੜੇ ਲੋਕਾਂ ਨੂੰ ਵੀ ਅੱਗੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਉਨ੍ਹਾਂ ਦੋਸ਼ ਲਗਾਇਆ ਕਿ ਗੁਰੂ ਘਰਾਂ ਦੀਆਂ ਜ਼ਮੀਨਾਂ ਵੇਚਣ ਜਾਂ ਕਬਜ਼ਾ ਕਰਨ ਵਾਲਿਆਂ ਨੂੰ ਵੀ ਅਕਾਲੀ ਦਲ ਵਿੱਚ ਤਰਜੀਹ ਮਿਲ ਰਹੀ ਹੈ। ਅੰਬ ਸਾਹਿਬ ਅਤੇ ਅਨੰਦਪੁਰ ਸਾਹਿਬ ਨਾਲ ਸੰਬੰਧਿਤ ਜ਼ਮੀਨੀ ਮਾਮਲਿਆਂ ਦਾ ਹਵਾਲਾ ਦਿੰਦਿਆਂ ਧਾਲੀਵਾਲ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਵੀ ਉਮੀਦਵਾਰ ਬਣਾਉਣ ਦੀ ਗੱਲ ਸਾਹਮਣੇ ਆ ਰਹੀ ਹੈ।

ਧਾਲੀਵਾਲ ਨੇ ਕਿਹਾ ਕਿ ਸੁਖਬੀਰ ਬਾਦਲ ਇੱਕ ਪਾਸੇ ਗੈਂਗਸਟਰਾਂ ਨੂੰ ਪੰਜਾਬ ਤੋਂ ਭਜਾਉਣ ਦੀਆਂ ਗੱਲਾਂ ਕਰਦੇ ਹਨ, ਪਰ ਦੂਜੇ ਪਾਸੇ ਉਨ੍ਹਾਂ ਦੀ ਪਾਰਟੀ ਦੀਆਂ ਗਤੀਵਿਧੀਆਂ ਤੋਂ ਲੱਗਦਾ ਹੈ ਕਿ ਉਹ ਖੁਦ ਹੀ ਅਜਿਹੇ ਲੋਕਾਂ ਨੂੰ ਰਾਜਨੀਤੀ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।

ਅੰਤ ਵਿੱਚ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਕਈ ਪੁਰਾਣੇ ਅਤੇ ਵਫ਼ਾਦਾਰ ਵਰਕਰ ਪਾਰਟੀ ਛੱਡ ਚੁੱਕੇ ਹਨ ਅਤੇ ਹੁਣ ਪਾਰਟੀ ਵਿੱਚ ਸਿਰਫ਼ ਪੈਸੇ ਇਕੱਠੇ ਕਰਨ ਵਾਲੇ ਲੋਕ ਹੀ ਬਚੇ ਹਨ। ਧਾਲੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਹੁਣ ਅਕਾਲੀ ਦਲ ਦੀਆਂ ਨੀਤੀਆਂ ਨੂੰ ਸਮਝ ਚੁੱਕੇ ਹਨ ਅਤੇ ਭਵਿੱਖ ਵਿੱਚ ਅਜਿਹੀ ਰਾਜਨੀਤੀ ਨੂੰ ਸਵੀਕਾਰ ਨਹੀਂ ਕਰਨਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.