ਤਾਜਾ ਖਬਰਾਂ
ਚੰਡੀਗੜ੍ਹ, 14 ਮਾਰਚ-
ਪੰਜਾਬ ਵਿਰਾਸਤ ਅਤੇ ਸੈਰ-ਸਪਾਟਾ ਪ੍ਰਮੋਸ਼ਨ ਬੋਰਡ ਦਫ਼ਤਰ ਵਿਖੇ ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਦਿਵਸ ਦੇ ਇਤਿਹਾਸਕ ਅਤੇ ਸ਼ਾਨਦਾਰ ਜਸ਼ਨ ਦੀ ਯੋਜਨਾ ਬਣਾਉਣ ਲਈ ਇੱਕ ਉੱਚ-ਪੱਧਰੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮਹੱਤਵਪੂਰਨ ਮੀਟਿੰਗ ਦੀ ਪ੍ਰਧਾਨਗੀ ਵੱਖ-ਵੱਖ ਡੇਰਿਆਂ ਤੋਂ ਪੁਜੇ ਸਤਿਕਾਰਯੋਗ ਸੰਤਾਂ-ਮਹਾਪੁਰਖਾਂ, ਅਧਿਆਤਮਿਕ ਆਗੂਆਂ ਅਤੇ ਗਿਆਨਵਾਨ ਵਿਦਵਾਨਾਂ ਨੇ ਕੀਤੀ। ਜਿਸ ਵਿਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧੀਆਂ ਅਤੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਤੇ ਪੰਜਾਬ ਵਿਰਾਸਤ ਅਤੇ ਸੈਰ-ਸਪਾਟਾ ਪ੍ਰਮੋਸ਼ਨ ਬੋਰਡ ਦੇ ਸਲਾਹਕਾਰ ਦੀਪਕ ਬਾਲੀ ਨੇ ਵੀ ਸ਼ਿਰਕਤ ਕੀਤੀ ਅਤੇ ਆਪਣੇ ਕੀਮਤੀ ਸੁਝਾਅ ਸਾਂਝੇ ਕੀਤੇ।
ਸੰਤ ਨਿਰਮਲ ਦਾਸ ਜੀ (ਜੋੜੇ ਵਾਲੇ), ਸੰਤ ਗੁਰਦੀਪ ਗਿਰੀ ਜੀ (ਪਠਾਨਕੋਟ ਵਾਲੇ), ਸੰਤ ਮਨਦੀਪ ਦਾਸ ਜੀ (ਡੇਰਾ ਬੱਲਾ), ਸੰਤ ਪ੍ਰਦੀਪ ਦਾਸ ਜੀ (ਡੇਰਾ ਕਠਾਰ), ਸੰਤ ਕੇਵਲ ਜੀ (ਤਪਸਥਾਨ ਖੁਰਾਲਗੜ੍ਹ), ਸੰਤ ਇੰਦਰ ਦਾਸ ਜੀ (ਸ਼ੇਖੇ), ਵਿਦਵਾਨ ਡਾ. ਰਾਜਕੁਮਾਰ ਹੰਸ ਜੀ, ਸੋਮਾ ਅਤਰੀ ਜੀ, ਬੀਬੀ ਸੰਤੋਸ਼ ਕੌਰ ਅਤੇ ਪਰਵਿੰਦਰ ਕੌਰ ਬੰਗਾ ਜੀ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸਦੇ ਅਲਾਵਾ ਸੱਭਿਆਚਾਰਕ ਵਿਭਾਗ ਦੇ ਡਾਇਰੈਕਟਰ ਸੰਜੀਵ ਤਿਵਾੜੀ ਨੇ ਵੀ ਮੀਟਿੰਗ ਵਿੱਚ ਸ਼ਿਰਕਤ ਕੀਤੀ ਅਤੇ ਸਮਾਗਮ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕੀਤੀ।
ਇਸ ਮੌਕੇ 'ਤੇ ਦੀਪਕ ਬਾਲੀ ਨੇ ਸਾਰੇ ਸੰਤਾਂ-ਮਹਾਪੁਰਖਾਂ ਅਤੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪਰਵ ਨਾ ਸਿਰਫ਼ ਇੱਕ ਧਾਰਮਿਕ ਸਮਾਗਮ ਹੈ ਬਲਕਿ ਸਮਾਜਿਕ ਸਦਭਾਵਨਾ, ਸਮਾਨਤਾ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਅੱਗੇ ਲੈ ਜਾਣ ਲਈ ਇੱਕ ਮਹੱਤਵਪੂਰਨ ਮੌਕਾ ਵੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਇਤਿਹਾਸਕ ਮੌਕੇ ਨੂੰ ਪੂਰੀ ਸ਼ਰਧਾ ਅਤੇ ਸ਼ਾਨ ਨਾਲ ਮਨਾਉਣ ਲਈ ਵਚਨਬੱਧ ਹੈ, ਅਤੇ ਇਸ ਦੀਆਂ ਵਿਆਪਕ ਤਿਆਰੀਆਂ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਦੀਪਕ ਬਾਲੀ ਨੇ ਦੱਸਿਆ ਕਿ ਪ੍ਰਕਾਸ਼ ਪਰਵ ਨੂੰ ਮਨਾਉਣ ਲਈ ਚਾਰ ਸ਼ੋਭਾ ਯਾਤਰਾਵਾਂ ਵੀ ਕਢੀਆਂ ਜਾਣਗਿਆਂ, ਜੋ ਵੱਖ-ਵੱਖ ਥਾਵਾਂ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚੋਂ ਲੰਘਣਗਿਆਂ। ਪਹਿਲੀ ਸ਼ੋਭਾ ਯਾਤਰਾ ਗੁਰੂ ਰਵਿਦਾਸ ਜੀ ਦੇ ਜਨਮ ਸਥਾਨ ਕਾਸ਼ੀ ਤੋਂ ਸ਼ੁਰੂ ਹੋਵੇਗੀ। ਦੂਜੀ ਸ਼ੋਭਾ ਯਾਤਰਾ ਬਠਿੰਡਾ ਤੋਂ , ਤੀਜੀ ਫਰੀਦਕੋਟ ਤੋਂ ਅਤੇ ਚੌਥੀ ਜੰਮੂ ਤੋਂ ਕਢੀ ਜਾਵੇਗੀ। ਇਨ੍ਹਾਂ ਸ਼ੋਭਾ ਯਾਤਰਾਵਾਂ ਰਾਹੀਂ ਗੁਰੂ ਰਵਿਦਾਸ ਜੀ ਦੇ ਸੰਦੇਸ਼ ਅਤੇ ਸਿੱਖਿਆਵਾਂ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ੋਭਾ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ, ਸੰਤ ਸਮਾਜ ਦੇ ਨੁਮਾਇੰਦੇ, ਸਮਾਜਿਕ ਸੰਗਠਨ ਅਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਸ਼ਾਮਲ ਹੋਣਗੀਆਂ । ਰਸਤੇ ਵਿੱਚ ਵੱਖ-ਵੱਖ ਥਾਵਾਂ 'ਤੇ ਸ਼ਰਧਾਲੂਆਂ ਵੱਲੋਂ ਸਵਾਗਤੀ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ, ਅਤੇ ਭਗਤੀ ਸੰਗੀਤ ਅਤੇ ਕੀਰਤਨ ਰਾਹੀਂ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਪ੍ਰਚਾਰਿਆ ਜਾਵੇਗਾ।
ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਇਸ ਵਿਸ਼ੇਸ਼ ਮੌਕੇ 'ਤੇ ਪੰਜਾਬ ਦੇ 13000 ਪਿੰਡਾਂ ਵਿੱਚ ਗੁਰੂ ਰਵਿਦਾਸ ਜੀ ਦੇ ਜੀਵਨ, ਉਨ੍ਹਾਂ ਦੇ ਸਮਾਜਿਕ ਯੋਗਦਾਨ ਅਤੇ ਮਨੁੱਖਤਾ ਦੇ ਉਨ੍ਹਾਂ ਦੇ ਸੰਦੇਸ਼ 'ਤੇ ਆਧਾਰਿਤ ਇੱਕ ਉੱਚ-ਗੁਣਵੱਤਾ ਵਾਲੀ ਦਸਤਾਵੇਜ਼ੀ ਦਿਖਾਈ ਜਾਵੇਗੀ। ਇਸ ਦਸਤਾਵੇਜ਼ੀ ਰਾਹੀਂ, ਨੌਜਵਾਨਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਰੂ ਰਵਿਦਾਸ ਦੇ ਵਿਚਾਰਾਂ ਅਤੇ ਉਨ੍ਹਾਂ ਦੁਆਰਾ ਸਮਾਜ ਵਿੱਚ ਲਿਆਂਦੇ ਗਏ ਸੁਧਾਰਾਂ ਤੋਂ ਜਾਣੂ ਕਰਵਾਇਆ ਜਾਵੇਗਾ।
ਦੀਪਕ ਬਾਲੀ ਨੇ ਦਸਿਆ ਕਿ ਆਧੁਨਿਕ ਤਕਨਾਲੋਜੀ ਰਾਹੀਂ ਵੀ ਪ੍ਰਕਾਸ਼ ਪਰਵ ਨੂੰ ਯਾਦਗਾਰੀ ਬਣਾਇਆ ਜਾਵੇਗਾ। ਇਸ ਦੇ ਤਹਿਤ 117 ਪੰਜਾਬ ਵਿਧਾਨਸਭਾ ਹਲਕਿਆਂ ਵਿੱਚ 20 ਮਿੰਟ ਦਾ ਇੱਕ ਸ਼ਾਨਦਾਰ ਡਰੋਨ ਸ਼ੋਅ ਆਯੋਜਿਤ ਕੀਤਾ ਜਾਵੇਗਾ, ਜਿਸ ਵਿੱਚ ਗੁਰੂ ਰਵਿਦਾਸ ਦੇ ਜੀਵਨ ਦੇ ਸੰਦੇਸ਼ਾਂ ਨੂੰ ਰੋਸ਼ਨੀ ਅਤੇ ਤਕਨਾਲੋਜੀ ਰਾਹੀਂ ਪ੍ਰਦਰਸ਼ਿਤ ਕੀਤਾ ਜਾਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਇਸ ਇਤਿਹਾਸਕ ਮੌਕੇ ਨੂੰ ਵਾਤਾਵਰਣ ਸੁਰੱਖਿਆ ਨਾਲ ਜੋੜਦੇ ਹੋਏ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਇੱਕ ਵੱਡੇ ਪੱਧਰ 'ਤੇ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਹਰੇਕ ਜ਼ਿਲ੍ਹੇ ਵਿੱਚ 6.50 ਲੱਖ ਬੂਟੇ ਲਗਾਉਣ ਦਾ ਟੀਚਾ ਹੈ, ਤਾਂ ਕਿ ਗੁਰੂ ਰਵਿਦਾਸ ਜੀ ਦੇ ਸੰਦੇਸ਼ ਦੇ ਨਾਲ-ਨਾਲ ਇਹ ਯਕੀਨੀ ਬਣਾਇਆ ਜਾ ਸਕੇ ਕਿ, ਕੁਦਰਤ ਸੰਭਾਲ ਦਾ ਸੰਦੇਸ਼ ਵੀ ਸਮਾਜ ਤੱਕ ਪਹੁੰਚੇ।
ਇਸ ਤੋਂ ਇਲਾਵਾ, ਨੌਜਵਾਨਾਂ ਵਿੱਚ ਉਤਸ਼ਾਹ ਅਤੇ ਸਮਾਜਿਕ ਜਾਗਰੂਕਤਾ ਪੈਦਾ ਕਰਨ ਲਈ, ਹਰੇਕ ਜ਼ਿਲ੍ਹੇ ਵਿੱਚ 650 ਸਾਈਕਲ ਸਵਾਰਾਂ ਵਲੋਂ ਇੱਕ ਵਿਸ਼ੇਸ਼ ਸਾਈਕਲ ਮੈਰਾਥਨ ਦਾ ਆਯੋਜਨ ਕੀਤਾ ਜਾਵੇਗਾ।ਇਹ ਮੈਰਾਥਨ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚੋਂ ਲੰਘੇਗੀ, ਗੁਰੂ ਰਵਿਦਾਸ ਦੀਆਂ ਸਿੱਖਿਆਵਾਂ ਅਤੇ ਸਮਾਜ ਵਿੱਚ ਸਮਾਨਤਾ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰੇਗੀ।
ਮੀਟਿੰਗ ਵਿੱਚ ਮੌਜੂਦ ਸੰਤਾਂ ਅਤੇ ਮਹਾਂਪੁਰਖਾਂ ਨੇ ਪੰਜਾਬ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਆਪਣੇ ਜੀਵਨ ਦੌਰਾਨ ਸਮਾਨਤਾ, ਭਾਈਚਾਰਾ ਅਤੇ ਮਨੁੱਖਤਾ ਦਾ ਉਪਦੇਸ਼ ਦਿੱਤਾ, ਅਤੇ ਉਨ੍ਹਾਂ ਦੇ ਵਿਚਾਰ ਅੱਜ ਵੀ ਬਰਾਬਰ ਪ੍ਰਸੰਗਿਕ ਹਨ। ਸੰਤ ਸਮਾਜ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਸਰਕਾਰ ਦੁਆਰਾ ਆਯੋਜਿਤ ਇਹ ਸਾਰੇ ਪ੍ਰੋਗਰਾਮ ਬਹੁਤ ਸਫਲ ਅਤੇ ਇਤਿਹਾਸਕ ਹੋਣਗੇ।
ਸੰਤਾਂ ਨੇ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਲਈ ਸਰਕਾਰ ਦਾ 100 ਕਰੋੜ ਰੁਪਏ ਦਾ ਬਜਟ ਨਿਰਧਾਰਤ ਕਰਨਾ ਸੰਤ ਸਮਾਜ ਅਤੇ ਸ਼ਰਧਾਲੁਆਂ ਪ੍ਰਤੀ ਸਤਿਕਾਰ ਅਤੇ ਵਿਸ਼ਵਾਸ ਨੂੰ ਦਰਸਾਉਂਦਾ ਹੈ।
ਮੀਟਿੰਗ ਦੇ ਅਖੀਰ ਵਿੱਚ, ਸਾਰੇ ਸੰਤਾਂ, ਵਿਦਵਾਨਾਂ ਅਤੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਨਾਲ ਹੀ ਇਹ ਸੰਕਲਪ ਲਿਆ ਗਿਆ ਕਿ ਗੁਰੂ ਰਵਿਦਾਸ ਜੀ ਦੇ 650ਵੇਂ ਜਨਮ ਪੁਰਬ ਨੂੰ ਪੂਰੇ ਪੰਜਾਬ ਵਿੱਚ ਸ਼ਰਧਾ, ਉਤਸ਼ਾਹ ਅਤੇ ਸਮਾਜਿਕ ਏਕਤਾ ਨਾਲ ਮਨਾਉਣ ਨਾਲ ਮਨਾਇਆ ਜਾਵੇਗਾ, ਤਾਂ ਜੋ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅਤੇ ਉਨ੍ਹਾਂ ਦਾ ਮਨੁੱਖਤਾ ਦਾ ਸੰਦੇਸ਼ ਹਰ ਘਰ ਤੱਕ ਪਹੁੰਚੇ।
Get all latest content delivered to your email a few times a month.