ਤਾਜਾ ਖਬਰਾਂ
ਪੰਜਾਬ ਵਿੱਚ ਗੈਸ ਸਿਲੰਡਰਾਂ ਦੀ ਘਾਟ ਅਤੇ ਲੰਬੀਆਂ ਲਾਈਨਾਂ ਲੋਕਾਂ ਲਈ ਵੱਡੀ ਮੁਸੀਬਤ ਬਣ ਰਹੀਆਂ ਹਨ। ਇਸ ਦੀ ਇੱਕ ਦੁਖਦਾਈ ਮਿਸਾਲ ਬਰਨਾਲਾ ਜ਼ਿਲ੍ਹੇ ਦੇ ਪਿੰਡ ਸ਼ਹਿਣਾ ਵਿੱਚ ਵੇਖਣ ਨੂੰ ਮਿਲੀ, ਜਿੱਥੇ ਗੈਸ ਸਿਲੰਡਰ ਲੈਣ ਲਈ ਲਾਈਨ ਵਿੱਚ ਖੜ੍ਹੇ ਇੱਕ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਪਿੰਡ ਸ਼ਹਿਣਾ ਦੇ ਰਹਿਣ ਵਾਲੇ 66 ਸਾਲਾ ਭੂਸ਼ਣ ਕੁਮਾਰ ਮਿੱਤਲ, ਪੁੱਤਰ ਦੇਵਰਾਜ ਮਿੱਤਲ, ਅੱਜ ਸਵੇਰੇ ਕਰੀਬ 8 ਵਜੇ ਗੈਸ ਸਿਲੰਡਰ ਪ੍ਰਾਪਤ ਕਰਨ ਲਈ ਲੱਗੀ ਲੰਬੀ ਕਤਾਰ ਵਿੱਚ ਖੜ੍ਹੇ ਹੋਏ ਸਨ। ਦੋ ਘੰਟਿਆਂ ਤੋਂ ਵੱਧ ਸਮੇਂ ਤੱਕ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ ਉਹ ਲਾਈਨ ਵਿੱਚ 25ਵੇਂ ਨੰਬਰ 'ਤੇ ਸਨ। ਇੰਤਜ਼ਾਰ ਕਰਦੇ ਕਰਦੇ ਉਹ ਸਿਲੰਡਰ ਉੱਤੇ ਬੈਠ ਗਏ, ਪਰ ਇਸ ਦੌਰਾਨ ਉਨ੍ਹਾਂ ਨੂੰ ਅਚਾਨਕ ਤੇਜ਼ ਦਿਲ ਦਾ ਦੌਰਾ ਪਿਆ ਅਤੇ ਉਹ ਥਾਂ 'ਤੇ ਹੀ ਡਿੱਗ ਪਏ। ਮੌਕੇ 'ਤੇ ਮੌਜੂਦ ਲੋਕਾਂ ਨੇ ਉਨ੍ਹਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਤਦ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।
ਇਸ ਘਟਨਾ ਨਾਲ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰਕ ਮੈਂਬਰ ਮ੍ਰਿਤਕ ਦੀ ਦੇਹ ਨੂੰ ਘਰ ਲੈ ਗਏ ਹਨ ਅਤੇ ਅੱਗੇ ਦੀ ਕਾਰਵਾਈ ਲਈ ਪੋਸਟਮਾਰਟਮ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਲੋਕਾਂ ਵਿੱਚ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਵੀ ਵੇਖਣ ਨੂੰ ਮਿਲ ਰਹੀ ਹੈ।
ਇਸ ਮਾਮਲੇ 'ਤੇ ਹਲਕਾ ਭਦੌੜ ਤੋਂ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਧਾਲੀਵਾਲ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਕਸੂਰਵਾਰ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੈਸ ਸਿਲੰਡਰ ਵਰਗੀ ਬੁਨਿਆਦੀ ਲੋੜ ਲਈ ਲੋਕਾਂ ਨੂੰ ਘੰਟਿਆਂ ਤੱਕ ਸੜਕਾਂ 'ਤੇ ਖੜ੍ਹਾ ਰਹਿਣਾ ਪੈਂਦਾ ਹੈ, ਜੋ ਕਿ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਸਰਕਾਰ ਤੁਰੰਤ ਮੁਆਵਜ਼ਾ ਦੇਵੇ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਣ ਲਈ ਗੈਸ ਸਪਲਾਈ ਪ੍ਰਣਾਲੀ ਨੂੰ ਸੁਧਾਰਿਆ ਜਾਵੇ।
Get all latest content delivered to your email a few times a month.