ਤਾਜਾ ਖਬਰਾਂ
ਪੰਜਾਬ ਵਿੱਚ ਵਧ ਰਹੀਆਂ ਅਪਰਾਧਿਕ ਘਟਨਾਵਾਂ ਦਰਮਿਆਨ ਹੁਣ ਇੱਕ ਹੋਰ ਚੌਕਾਉਂਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬੀ ਗਾਇਕ ਰਾਣਾ ਸਹੋਤਾ ’ਤੇ ਅਣਪਛਾਤੇ ਹਮਲਾਵਰਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਹੈ। ਖੁਸ਼ਕਿਸਮਤੀ ਨਾਲ ਇਸ ਹਮਲੇ ਦੌਰਾਨ ਗਾਇਕ ਦੀ ਜਾਨ ਬਚ ਗਈ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਰਾਣਾ ਸਹੋਤਾ ਮੁਹਾਲੀ ਤੋਂ ਗੋਰਾਇਆ ਵੱਲ ਜਾ ਰਹੇ ਸਨ। ਰਸਤੇ ਵਿੱਚ ਕਾਠਗੜ੍ਹ ਨੇੜੇ ਕਾਲੇ ਰੰਗ ਦੀ ਕਾਰ ’ਚ ਸਵਾਰ ਕੁਝ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਵੱਲੋਂ ਗਾਇਕ ਦੀ ਕਾਰ ’ਤੇ ਕਰੀਬ 3 ਤੋਂ 4 ਗੋਲੀਆਂ ਚਲਾਈਆਂ ਗਈਆਂ।
ਘਟਨਾ ਤੋਂ ਬਾਅਦ ਰਾਣਾ ਸਹੋਤਾ ਨੇ ਇਸ ਮਾਮਲੇ ਸਬੰਧੀ ਬੰਗਾ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਮੁਹਾਲੀ ਦੇ ਐਸਐਸਪੀ ਨਾਲ ਵੀ ਮੁਲਾਕਾਤ ਕੀਤੀ ਹੈ। ਗਾਇਕ ਨੇ ਦੱਸਿਆ ਕਿ ਉਹ ਆਪਣੀ ਨਵੀਂ ਐਲਬਮ ਦੀ ਰਿਕਾਰਡਿੰਗ ਲਈ ਪੰਜਾਬ ਆਇਆ ਹੋਇਆ ਸੀ, ਪਰ ਇਸ ਦੌਰਾਨ ਉਸ ’ਤੇ ਅਚਾਨਕ ਹਮਲਾ ਕਰ ਦਿੱਤਾ ਗਿਆ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਨ ਲਈ ਇਲਾਕੇ ਦੇ ਸੀਸੀਟੀਵੀ ਫੁਟੇਜ ਵੀ ਖੰਗਾਲੇ ਜਾ ਰਹੇ ਹਨ। ਇਸ ਘਟਨਾ ਤੋਂ ਬਾਅਦ ਗਾਇਕੀ ਜਗਤ ਵਿੱਚ ਵੀ ਚਿੰਤਾ ਦਾ ਮਾਹੌਲ ਬਣ ਗਿਆ ਹੈ ਕਿਉਂਕਿ ਹਾਲੀਆ ਸਮੇਂ ਵਿੱਚ ਕਈ ਗਾਇਕਾਂ ਨੂੰ ਧਮਕੀਆਂ ਮਿਲਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ।
Get all latest content delivered to your email a few times a month.