ਤਾਜਾ ਖਬਰਾਂ
ਨਿੱਜੀ ਖੇਤਰ ਦੀ ਪ੍ਰਮੁੱਖ ਏਅਰਲਾਈਨ ਇੰਡੀਗੋ ਦੇ ਸੀਈਓ ਪੀਟਰ ਐਲਬਰਸ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਫੈਸਲਾ ਉਸ ਵੱਡੇ ਵਿਵਾਦ ਦੇ ਬਾਅਦ ਸਾਹਮਣੇ ਆਇਆ ਹੈ, ਜਦੋਂ ਕੁਝ ਮਹੀਨੇ ਪਹਿਲਾਂ ਏਅਰਲਾਈਨ ਵੱਲੋਂ ਵੱਡੇ ਪੱਧਰ 'ਤੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ, ਜਿਸ ਨਾਲ ਦੇਸ਼ ਭਰ ਦੇ ਹਵਾਈ ਯਾਤਰਾ ਪ੍ਰਬੰਧ 'ਤੇ ਗੰਭੀਰ ਅਸਰ ਪਿਆ ਸੀ।
ਦਸੰਬਰ ਦੇ ਪਹਿਲੇ ਹਫ਼ਤੇ ਦੌਰਾਨ ਇੰਡੀਗੋ ਨੇ ਸੈਂਕੜਿਆਂ ਉਡਾਣਾਂ ਰੱਦ ਕਰ ਦਿੱਤੀਆਂ ਸਨ। ਇਸ ਦਾ ਮੁੱਖ ਕਾਰਨ ਪਾਇਲਟਾਂ ਲਈ ਲਾਗੂ ਹੋਣ ਵਾਲੇ ਨਵੇਂ ਫਲਾਈਟ ਡਿਊਟੀ ਨਿਯਮਾਂ ਲਈ ਕੰਪਨੀ ਦੀ ਅਣਤਿਆਰੀ ਦੱਸੀ ਗਈ। ਉਡਾਣਾਂ ਦੇ ਰੱਦ ਹੋਣ ਕਾਰਨ ਦੇਸ਼ ਭਰ ਵਿੱਚ ਹਜ਼ਾਰਾਂ ਯਾਤਰੀ ਹਵਾਈ ਅੱਡਿਆਂ 'ਤੇ ਫਸ ਗਏ ਅਤੇ ਏਅਰਲਾਈਨ ਦੇ ਸੰਚਾਲਨ 'ਤੇ ਸਵਾਲ ਖੜ੍ਹੇ ਹੋ ਗਏ।
ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹਵਾਬਾਜ਼ੀ ਨਿਯਾਮਕ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਸੰਯੁਕਤ ਡਾਇਰੈਕਟਰ ਜਨਰਲ ਸੰਜੇ ਕੇ. ਬ੍ਰਹਮਣੇ ਦੀ ਅਗਵਾਈ ਹੇਠ ਚਾਰ ਮੈਂਬਰੀ ਜਾਂਚ ਕਮੇਟੀ ਬਣਾਈ ਸੀ। ਕਮੇਟੀ ਨੇ ਉਡਾਣਾਂ ਵਿੱਚ ਆਏ ਵਿਘਨਾਂ ਦੇ ਕਾਰਨਾਂ ਦੀ ਜਾਂਚ ਕਰਕੇ 27 ਦਸੰਬਰ ਨੂੰ ਆਪਣੀ ਰਿਪੋਰਟ ਡੀਜੀਸੀਏ ਨੂੰ ਸੌਂਪੀ।
ਜਾਂਚ ਰਿਪੋਰਟ ਦੇ ਆਧਾਰ 'ਤੇ ਡੀਜੀਸੀਏ ਨੇ ਪਿਛਲੇ ਮਹੀਨੇ ਇੰਡੀਗੋ 'ਤੇ 22.20 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ ਅਤੇ ਕੰਪਨੀ ਦੇ ਮੁਖੀ ਪੀਟਰ ਐਲਬਰਸ ਸਮੇਤ ਦੋ ਹੋਰ ਸੀਨੀਅਰ ਅਧਿਕਾਰੀਆਂ ਨੂੰ ਸਖ਼ਤ ਚੇਤਾਵਨੀ ਵੀ ਦਿੱਤੀ ਸੀ। ਇਸ ਦੇ ਨਾਲ ਹੀ ਏਅਰਲਾਈਨ ਨੂੰ 50 ਕਰੋੜ ਰੁਪਏ ਦੀ ਬੈਂਕ ਗਰੰਟੀ ਜਮ੍ਹਾ ਕਰਨ ਦੇ ਹੁਕਮ ਵੀ ਜਾਰੀ ਕੀਤੇ ਗਏ ਸਨ।
ਇਸ ਤੋਂ ਇਲਾਵਾ, ਨਿਯਾਮਕ ਨੇ ਕਾਰਵਾਈ ਕਰਦਿਆਂ ਏਅਰਲਾਈਨ ਦੇ ਸਰਦੀਆਂ ਦੇ ਉਡਾਣ ਸ਼ਡਿਊਲ ਨੂੰ 10 ਫਰਵਰੀ ਤੱਕ 10 ਫੀਸਦੀ ਘਟਾ ਦਿੱਤਾ ਸੀ। ਇਸ ਸਾਰੇ ਵਿਵਾਦ ਅਤੇ ਨਿਯਾਮਕ ਕਾਰਵਾਈ ਦੇ ਮਾਹੌਲ ਵਿਚ ਹੁਣ ਸੀਈਓ ਪੀਟਰ ਐਲਬਰਸ ਦਾ ਅਸਤੀਫਾ ਸਾਹਮਣੇ ਆਇਆ ਹੈ, ਜਿਸ ਨੂੰ ਹਵਾਬਾਜ਼ੀ ਖੇਤਰ ਵਿੱਚ ਇਕ ਮਹੱਤਵਪੂਰਨ ਵਿਕਾਸ ਵਜੋਂ ਦੇਖਿਆ ਜਾ ਰਿਹਾ ਹੈ।
Get all latest content delivered to your email a few times a month.