IMG-LOGO
ਹੋਮ ਪੰਜਾਬ: ਗੈਂਗਸਟਰਾਂ ਨੂੰ ਅਪਰਾਧ ਤੋਂ ਪਹਿਲਾਂ ਹੀ ਨਾਕਾਮ ਕਰਨ 'ਚ ਕਿਵੇਂ...

ਗੈਂਗਸਟਰਾਂ ਨੂੰ ਅਪਰਾਧ ਤੋਂ ਪਹਿਲਾਂ ਹੀ ਨਾਕਾਮ ਕਰਨ 'ਚ ਕਿਵੇਂ ਕੰਮ ਕਰਦਾ ਹੈ ਪੰਜਾਬ ਪੁਲਿਸ ਦਾ ਵਾਰ ਰੂਮ

Admin User - Mar 10, 2026 08:59 PM
IMG

ਚੰਡੀਗੜ੍ਹ, 10 ਮਾਰਚ:

ਪੰਜਾਬ ਪੁਲਿਸ ਦਾ ਵਾਰ ਰੂਮ ਕਾਲ ਰਿਕਾਰਡਾਂ, ਡਿਜੀਟਲ ਨਕਸ਼ਿਆਂ ਅਤੇ ਖੁਫ਼ੀਆ ਜਾਣਕਾਰੀ ਬਾਰੇ ਸੂਚਨਾਵਾਂ ਨਾਲ ਹਰ ਸਮੇਂ ਕਾਰਜਸ਼ੀਲ ਰਹਿੰਦਾ ਹੈ। ਸੂਬੇ ਭਰ ਦੇ ਜ਼ਿਲ੍ਹਿਆਂ ਤੋਂ ਮਿਲਦੇ ਫੀਲਡ ਅਪਡੇਟਸ ਨਾਲ ਫੋਨਾਂ ਦੀਆਂ ਘੰਟੀਆਂ ਖੜਕਦੀਆਂ ਰਹਿੰਦੀਆਂ ਹਨ। ਇਥੇ ਕੰਮ ਕਰਦੇ ਅਧਿਕਾਰੀਆਂ ਲਈ ਇਹ ਸੰਗਠਿਤ ਅਪਰਾਧ ਵਿਰੁੱਧ ਇੱਕ ਸ਼ਾਂਤ ਪਰ ਨਿਰੰਤਰ ਲੜਾਈ ਦਾ ਕੇਂਦਰ ਬਿੰਦੂ ਹੈ- ਜੋ ਗੈਂਗਸਟਰਾਂ ਵੱਲੋਂ ਕਾਰਵਾਈ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਹੀ ਇਸਨੂੰ ਰੋਕਣ ਦਾ ਟੀਚਾ ਰੱਖਦਾ ਹੈ।

ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਪੁਲਿਸ ਪ੍ਰਾਪਤ ਹੋਣ ਵਾਲੀ ਖੁਫੀਆ ਜਾਣਕਾਰੀ ਨੂੰ ਤਕਨਾਲੋਜੀ ਨਾਲ ਜੋੜ ਕੇ ਰਾਜਾਂ ਅਤੇ ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਬੈਠ ਕੇ ਕੰਮ ਕਰਦੇ ਗੈਂਗਸਟਰਾਂ ਦੇ ਨੈਟਵਰਕਾਂ ਨੂੰ ਟਰੈਕ ਕਰਨ ਲਈ ਖੁਫੀਆ ਜਾਣਕਾਰੀ ਅਧਾਰਤ ਪੁਲਿਸਿੰਗ ਵੱਲ ਲਗਾਤਾਰ ਕਦਮ ਵਧਾ ਰਹੀ ਹੈ। ਸੂਬੇ ‘ਚ ਸਰਗਰਮ ਜ਼ਿਆਦਾਤਰ ਨਾਮੀ ਗਿਰੋਹ ਹੁਣ ਵਿਕੇਂਦਰੀਕ੍ਰਿਤ ਸੈੱਲਾਂ ਰਾਹੀਂ ਕੰਮ ਕਰਦੇ ਹਨ, ਜਿਸ ਵਿੱਚ ਵਿਦੇਸ਼-ਅਧਾਰਤ ਹੈਂਡਲਰ ਨਿਰਦੇਸ਼ ਜਾਰੀ ਕਰਦੇ ਹਨ ਜਦੋਂ ਕਿ ਸਥਾਨਕ ਕਾਰਕੁੰਨ ਕਾਰਵਾਈ ਨੂੰ ਅੰਜਾਮ ਦਿੰਦੇ ਹਨ।

ਇਸ ਵੱਧ ਰਹੇ ਖ਼ਤਰੇ ਦਾ ਮੁਕਾਬਲਾ ਕਰਨ ਲਈ, ਜਾਂਚਕਰਤਾ ਅਧਿਕਾਰੀ/ਕਰਮਚਾਰੀ ਡਿਜੀਟਲ ਸਾਧਨਾਂ ਵੱਲ ਰੁਖ ਕਰ ਰਹੇ ਹਨ ਜੋ ਉਹਨਾਂ ਨੂੰ ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ ਖੁਫੀਆ ਕਾਰਵਾਈ ਦੀ ਆਗਿਆ ਦਿੰਦੇ ਹਨ।

ਸਭ ਤੋਂ ਮਹੱਤਵਪੂਰਨ ਪਹਿਲਕਦਮੀਆਂ ਵਿੱਚੋਂ ਇੱਕ ਡੇਟਾ-ਸੰਚਾਲਿਤ ਅਪਰਾਧਿਕ ਡੇਟਾਬੇਸ ਅਤੇ ਆਵਾਜ਼ ਪਛਾਣ ਪ੍ਰਣਾਲੀਆਂ ਦੀ ਵਰਤੋਂ ਹੈ। ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਅਪਰਾਧੀਆਂ ਅਤੇ ਸ਼ੱਕੀਆਂ ਦੇ 72,000 ਤੋਂ ਵੱਧ ਆਵਾਜ਼ ਦੇ ਨਮੂਨੇ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ (ਪੀਏਆਈਸੀ) ਵਿੱਚ ਸ਼ਾਮਲ ਕੀਤੇ ਹਨ, ਜੋ ਜਬਰਨ ਵਸੂਲੀ ਅਤੇ ਧਮਕੀ ਵਾਲੀਆਂ ਕਾਲਾਂ ਕਰਨ ਵਾਲੇ ਵਿਅਕਤੀਆਂ ਦੀ ਜਲਦ ਪਛਾਣ ਕਰਨ ਲਈ ਇੱਕ ਮੋਬਾਈਲ-ਅਧਾਰਤ ਐਪਲੀਕੇਸ਼ਨ ਹੈ।


ਅਜਿਹੀ ਤਕਨਾਲੋਜੀ ਬਹੁਤ ਮਹੱਤਵਪੂਰਨ ਹੈ ਕਿਉਂਕਿ ਜਬਰਨ ਵਸੂਲੀ ਵਾਲੇ ਰੈਕੇਟ ਰਾਜ ਵਿੱਚ ਗੈਂਗਸਟਰ ਗਤੀਵਿਧੀਆਂ ਦੀ ਇੱਕ ਵੱਡੀ ਸ਼ਾਖਾ ਬਣ ਰਹੇ ਹਨ। ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਧਮਕੀਆਂ ਇੰਟਰਨੈਟ-ਅਧਾਰਤ ਕਾਲਾਂ ਜਾਂ ਏਨਕ੍ਰਿਪਟਡ ਮੈਸੇਜਿੰਗ ਐਪਸ ਰਾਹੀਂ ਅਕਸਰ ਵਿਦੇਸ਼ੀ ਨੰਬਰਾਂ ਤੋਂ ਆਉਂਦੀਆਂ ਹਨ, ਜਦੋਂ ਕਿ ਸਥਾਨਕ ਸ਼ੂਟਰਾਂ ਨੂੰ ਪੀੜਤਾਂ ਨੂੰ ਡਰਾਉਣ- ਧਮਕਾਉਣ ਲਈ ਗਰੁੱਪ ਵਿੱਚ ਸ਼ਾਮਲ ਕੀਤਾ ਜਾਂਦਾ ਹੈ।


ਓਪਰੇਸ਼ਨਾਂ ਤੋਂ ਜਾਣੂ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਹਰ ਕਾਲ, ਹਰ ਸੁਨੇਹਾ ਕੋਈ ਨਾ ਕੋਈ ਡਿਜੀਟਲ ਸਬੂਤ ਛੱਡਦਾ ਹੈ। ਸਾਡਾ ਕੰਮ ਅਪਰਾਧ ਨੂੰ ਰੋਕਣ ਲਈ ਉਹਨਾਂ ਕੜੀਆਂ ਨੂੰ ਜੋੜਨਾ ਹੈ। ਇਸ ਪਹੁੰਚ ਨੇ ਪਹਿਲਾਂ ਹੀ ਕਈ ਯੋਜਨਾਬੱਧ ਹਮਲਿਆਂ ਨੂੰ ਨਾਕਾਮ ਕਰਨ ਵਿੱਚ ਮਦਦ ਕੀਤੀ ਹੈ।


ਇੱਕ ਮਾਮਲੇ ਵਿੱਚ ਪੁਲਿਸ ਦੁਆਰਾ ਇੱਕਤਰ ਕੀਤੀ ਗਈ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਵਿਦੇਸ਼-ਅਧਾਰਤ ਗੈਂਗਸਟਰ ਨਾਲ ਸਬੰਧਤ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਨੂੰ ਪੰਜਾਬ ਵਿੱਚ ਇੱਕ ਨਿਸ਼ਾਨਾ ਹੱਤਿਆ ਦਾ ਕੰਮ ਸੌਂਪਿਆ ਗਿਆ ਸੀ। ਪ੍ਰਾਪਤ ਸੂਚਨਾ 'ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਹਮਲਾ ਹੋਣ ਤੋਂ ਪਹਿਲਾਂ ਸ਼ੱਕੀਆਂ ਨੂੰ ਘੇਰ ਕੇ ਉਨ੍ਹਾਂ ਤੋਂ ਇੱਕ ਪਿਸਤੌਲ ਅਤੇ ਗੋਲਾ ਬਾਰੂਦ ਬਰਾਮਦ ਕਰ ਲਿਆ।


ਇਹ ਗ੍ਰਿਫ਼ਤਾਰੀਆਂ ਡਿਜੀਟਲ ਨਿਗਰਾਨੀ ਦਾ ਸਿੱਟਾ ਸਨ ਜਿਸ ਨੇ ਗਿਰੋਹ ਦੇ ਸੰਚਾਲਕਾਂ ਅਤੇ ਸਥਾਨਕ ਕਾਰਕੁੰਨਾਂ ਦਰਮਿਆਨ ਗੱਲਬਾਤ ਨੂੰ ਟਰੈਕ ਕੀਤਾ, ਜਿਸ ਬਾਰੇ  ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਇਹ ਗਿਰੋਹਾਂ ਦਰਮਿਆਨ ਸੰਚਾਰ ਦਾ ਆਮ ਵਰਤਾਰਾ ਹੈ।


ਪੰਜਾਬ ਪੁਲਿਸ ਨੇ ਸੰਗਠਿਤ ਅਪਰਾਧ 'ਤੇ ਵਿਸ਼ੇਸ਼ ਤੌਰ 'ਤੇ ਧਿਆਨ ਕੇਂਦਰਿਤ ਕਰਦਿਆਂ ਵਿਸ਼ੇਸ਼ ਯੂਨਿਟਾਂ ਦਾ ਵੀ ਵਿਸਥਾਰ ਕੀਤਾ ਹੈ। ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਹੁਣ ਰਾਜ ਵਿਆਪੀ ਅਧਿਕਾਰ ਖੇਤਰ ਦੇ ਨਾਲ ਕੰਮ ਕਰਦੀ ਹੈ, ਜਿਸ ਕੋਲ ਆਪਣਾ ਇੱਕ ਸਮਰਪਿਤ ਪੁਲਿਸ ਸਟੇਸ਼ਨ ਅਤੇ ਵਿਸ਼ੇਸ਼ ਫੋਰਸ ਹੈ, ਜੋ ਇਸ ਨੂੰ ਪ੍ਰਕਿਰਿਆਤਮਕ ਦੇਰੀ ਤੋਂ ਬਿਨਾਂ ਹਰ ਇੱਕ ਜ਼ਿਲ੍ਹੇ ਦੀਆਂ ਹੱਦਾਂ ਵਿੱਚ ਜਾਂਚ ਦੇ ਯੋਗ ਬਣਾਉਂਦੀ ਹੈ।


ਇਹਨਾਂ ਯੂਨਿਟਾਂ ਦੇ ਅੰਦਰ ਵਿਸ਼ਲੇਸ਼ਕ ਅਪਰਾਧਿਕ ਨੈੱਟਵਰਕਾਂ ਦੀ ਉਸੇ ਤਰ੍ਹਾਂ ਨਿਗਰਾਨੀ ਕਰਦੇ ਹਨ ਜਿਵੇਂ ਕਿ ਖੁਫੀਆ ਏਜੰਸੀਆਂ ਸੁਰੱਖਿਆ ਖਤਰਿਆਂ ਨੂੰ ਟਰੈਕ ਕਰਦੀਆਂ ਹਨ। ਗਿਰੋਹ ਦੇ ਮੈਂਬਰਾਂ, ਫੰਡਿੰਗ ਅਤੇ ਉਨ੍ਹਾਂ ਦੇ ਸਾਥੀਆਂ ਦਰਮਿਆਨ ਸਬੰਧਾਂ ਦੀ ਪਛਾਣ ਕਰਨ ਲਈ ਕਾਲ ਡੇਟਾ ਦੇ ਰਿਕਾਰਡ, ਵਿੱਤੀ ਲੈਣ-ਦੇਣ ਅਤੇ ਯਾਤਰਾ ਪੈਟਰਨਾਂ ਦੀ ਜਾਂਚ ਕੀਤੀ ਜਾਂਦੀ ਹੈ।


ਇਹਨਾਂ ਕੋਸ਼ਿਸ਼ਾਂ ਦਾ ਦਾਇਰਾਂ ਭਾਰਤ ਦੀਆਂ ਸਰਹੱਦਾਂ ਤੋਂ ਵੀ ਪਰੇ ਤੱਕ ਹੈ। ਪੁਲਿਸ ਦੇ ਅਨੁਮਾਨਾਂ ਅਨੁਸਾਰ ਲਗਭਗ ਪੰਜਾਬ ਨਾਲ ਸਬੰਧਤ 60 ਗੈਂਗਸਟਰ ਇਸ ਸਮੇਂ ਵਿਦੇਸ਼ਾਂ, ਖਾਸ ਕਰਕੇ ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ਾਂ ਵਿੱਚ ਬੈਠੇ ਹਨ, ਜਿੱਥੋਂ ਉਹ ਆਪਣੇ ਸਥਾਨਕ ਕਾਰਕੁੰਨਾਂ ਰਾਹੀਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ।


ਅਜਿਹੇ ਨੈੱਟਵਰਕਾਂ ਨੂੰ ਟਰੈਕ ਕਰਨ ਲਈ ਕੇਂਦਰੀ ਏਜੰਸੀਆਂ ਅਤੇ ਅੰਤਰਰਾਸ਼ਟਰੀ ਕਾਨੂੰਨ ਲਾਗੂਕਰਨ ਵਾਲੀਆਂ ਸੰਸਥਾਵਾਂ ਨਾਲ ਤਾਲਮੇਲ ਦੀ ਲੋੜ ਹੁੰਦੀ ਹੈ। ਵਿਦੇਸ਼ਾਂ ‘ਚ ਬੈਠੇ ਇਹਨਾਂ ਸੰਚਾਲਕਾਂ ਦੀ ਨਿਗਰਾਨੀ ਕਰਨ ਅਤੇ ਉਨ੍ਹਾਂ ਦੀ ਹਵਾਲਗੀ ਪ੍ਰਕਿਰਿਆ ਲਈ ਪੰਜਾਬ ਪੁਲਿਸ ਦੁਆਰਾ ਫਿਊਜੀਟਿਵ ਟਰੈਕਿੰਗ ਸੈੱਲ ਸਥਾਪਤ ਕੀਤੇ ਗਏ ਹਨ।


ਤਕਨਾਲੋਜੀ ਦੇ ਨਾਲ-ਨਾਲ, ਰਵਾਇਤੀ ਪੁਲਿਸਿੰਗ ਢੰਗ ਮਹੱਤਵਪੂਰਨ ਰਹਿੰਦੇ ਹਨ। ਸੂਚਨਾ ਦੇਣ ਵਾਲੇ ਨੈੱਟਵਰਕ ਅਤੇ ਸੂਹ ਦੇਣ ਵਾਲੀਆਂ ਗੁਮਨਾਮ ਏਜੰਸੀਆਂ ਸੰਭਾਵਿਤ ਅਪਰਾਧਾਂ ਬਾਰੇ ਪਹਿਲਾਂ ਹੀ ਸੁਰਾਗ ਦੇ ਦਿੰਦੀਆਂ ਹਨ। ਪੰਜਾਬ ਪੁਲਿਸ ਨੇ ਇੱਕ ਸਮਰਪਿਤ ਹੈਲਪਲਾਈਨ ਵੀ ਸ਼ੁਰੂ ਕੀਤੀ ਹੈ ਜੋ ਨਾਗਰਿਕਾਂ ਨੂੰ ਗੁਪਤ ਤੌਰ 'ਤੇ ਗੈਂਗਸਟਰ ਗਤੀਵਿਧੀਆਂ ਦੀ ਰਿਪੋਰਟ ਕਰਨ ਦੀ ਆਗਿਆ ਦਿੰਦੀ ਹੈ, ਇਹ ਯਕੀਨੀ ਬਣਾਉਂਦੀਆਂ ਕਿ ਇਹ ਜਾਣਕਾਰੀ ਸਿੱਧੇ ਵਿਸ਼ੇਸ਼ ਗੈਂਗਸਟਰ ਵਿਰੋਧੀ ਯੂਨਿਟਾਂ ਤੱਕ ਪਹੁੰਚੇ।


ਸੂਝ-ਬੂਝ ਅਤੇ ਡਿਜੀਟਲ ਵਿਸ਼ਲੇਸ਼ਣ ਦੇ ਇਸ ਤਾਲਮੇਲ ਨੇ ਰਾਜ ਵਿੱਚ ਪੁਲਿਸਿੰਗ ਦੀ ਪਰਿਭਾਸ਼ਾ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਹੈ। ਅਪਰਾਧ ਹੋਣ ਤੋਂ ਬਾਅਦ ਕਾਰਵਾਈ ਦੀ ਬਜਾਏ, ਜਾਂਚਕਰਤਾ ਅਧਿਕਾਰੀ ਅਪਰਾਧ ਤੋਂ ਪਹਿਲਾਂ ਹੀ ਸ਼ੂਟਰਾਂ ਦੀ ਪਛਾਣ ਕਰਕੇ ਅਤੇ ਹਥਿਆਰਾਂ ਚਲਾਉਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਰੋਕ ਕੇ ਸਮੁੱਚੀ ਯੋਜਨਾ ਨੂੰ ਨਾਕਾਮ ਕਰਨ ਦਾ ਟੀਚਾ ਰੱਖਦੇ ਹਨ।


ਰਾਜ ਦੇ ਅਪਰਾਧ-ਨਿਗਰਾਨੀ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਅਧਿਕਾਰੀਆਂ ਦਾ ਉਦੇਸ਼ ਸਪਸ਼ਟ ਹੈ: ਅਪਰਾਧਿਕ ਨੈੱਟਵਰਕਾਂ ਦੇ ਅਗਲੇ ਕਦਮ ਦਾ ਪਹਿਲਾਂ ਹੀ ਅੰਦਾਜ਼ਾ ਲਗਾ ਕੇ ਇਸਨੂੰ ਨਾਕਾਮ ਕਰਨਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.