ਤਾਜਾ ਖਬਰਾਂ
ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਇਲਾਕੇ ਦੇ ਪਿੰਡ ਘੁਬਾਇਆ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪਾਲਤੂ ਕੁੱਤੀ ਦਾ ਕਥਿਤ ਤੌਰ ’ਤੇ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਔਰਤ ਸਮੇਤ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਸੁਖਵਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਕਿ 14 ਫਰਵਰੀ ਨੂੰ ਉਸਦੀ ਪਾਲਤੂ ਕੁੱਤੀ “ਜਿੰਮੀ” ਅਚਾਨਕ ਘਰ ਤੋਂ ਲਾਪਤਾ ਹੋ ਗਈ ਸੀ। ਪਰਿਵਾਰ ਵੱਲੋਂ ਕਾਫੀ ਖੋਜ ਕੀਤੀ ਗਈ, ਪਰ ਉਸਦਾ ਕੋਈ ਪਤਾ ਨਹੀਂ ਲੱਗਿਆ। ਦੋ ਦਿਨ ਬਾਅਦ, 17 ਫਰਵਰੀ ਨੂੰ ਸਕੂਲ ਤੋਂ ਵਾਪਸ ਆ ਰਹੇ ਕੁਝ ਬੱਚਿਆਂ ਨੇ ਨਹਿਰ ਦੇ ਨੇੜੇ ਇੱਕ ਬੋਰੀ ਵਿੱਚ ਕੁੱਤੀ ਦੀ ਲਾਸ਼ ਪਈ ਦੇਖੀ ਅਤੇ ਇਸ ਬਾਰੇ ਜਾਣਕਾਰੀ ਦਿੱਤੀ।
ਸੁਖਵਿੰਦਰ ਕੌਰ ਦੇ ਅਨੁਸਾਰ ਉਨ੍ਹਾਂ ਦਾ ਗੁਆਂਢੀ ਮੱਖਣ ਸਿੰਘ ਅਕਸਰ ਰਾਤ ਸਮੇਂ ਗੁਆਂਢੀਆਂ ਦੇ ਘਰਾਂ ਦੇ ਨੇੜੇ ਆਉਂਦਾ-ਜਾਂਦਾ ਸੀ। ਜਦੋਂ ਵੀ ਉਹ ਉਨ੍ਹਾਂ ਦੇ ਘਰ ਦੇ ਨੇੜੇ ਆਉਂਦਾ, ਤਾਂ ਪਾਲਤੂ ਕੁੱਤੀ ਉਸ ’ਤੇ ਭੌਂਕਦੀ ਸੀ। ਇਸ ਗੱਲ ਤੋਂ ਖਿਝ ਕੇ ਉਸਨੇ ਕੁੱਤੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਬੋਰੀ ਵਿੱਚ ਪਾ ਕੇ ਨਹਿਰ ਕੰਢੇ ਸੁੱਟ ਦਿੱਤਾ। ਇਸ ਘਟਨਾ ਨਾਲ ਪਰਿਵਾਰ ਵਿੱਚ ਗਹਿਰਾ ਦੁੱਖ ਅਤੇ ਗੁੱਸਾ ਪੈਦਾ ਹੋ ਗਿਆ ਹੈ।
ਘੁਬਾਇਆ ਪੁਲਿਸ ਚੌਂਕੀ ਦੇ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਮੱਖਣ ਸਿੰਘ ਅਤੇ ਸਰੋਜ ਰਾਣੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਕਰਵਾਏ ਗਏ ਪੋਸਟਮਾਰਟਮ ਵਿੱਚ ਇਹ ਪੁਸ਼ਟੀ ਹੋਈ ਹੈ ਕਿ ਜਾਨਵਰ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ।
ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ 14 ਦਿਨਾਂ ਦੇ ਨੋਟਿਸ ਜਾਰੀ ਕਰ ਦਿੱਤੇ ਹਨ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਝਗੜੇ ਦੇ ਅਸਲ ਕਾਰਨ ਦਾ ਪਤਾ ਲਗਾਇਆ ਜਾ ਸਕੇ।
Get all latest content delivered to your email a few times a month.