ਤਾਜਾ ਖਬਰਾਂ
ਪੰਜਾਬ ਵਿਧਾਨ ਸਭਾ ਅੰਦਰ ਔਰਤਾਂ ਦੇ ਸਨਮਾਨ ਨੂੰ ਲੈ ਕੇ ਚੱਲ ਰਹੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ। ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਦਨ ਵਿੱਚ ਹੋਏ ਹੰਗਾਮੇ ਦੇ ਜਵਾਬ ਵਿੱਚ ਇੱਕ ਹੋਰ ਨਵਾਂ ਟਵੀਟ ਕਰਦਿਆਂ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਬਿਆਨ 'ਤੇ ਅੱਜ ਵੀ ਕਾਇਮ ਹਨ। ਖਹਿਰਾ ਨੇ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ 1000 ਰੁਪਏ ਦੀ ਸਕੀਮ ਦੇ ਐਲਾਨ 'ਤੇ ਮਨਾਏ ਗਏ ਜਸ਼ਨਾਂ ਨੂੰ 'ਸਿਆਸੀ ਡਰਾਮੇਬਾਜ਼ੀ' ਕਰਾਰ ਦਿੱਤਾ ਹੈ।
"ਇਹ ਕੁਦਰਤੀ ਖੁਸ਼ੀ ਨਹੀਂ, ਸਗੋਂ ਤਿਆਰ ਕੀਤੀ ਸਕ੍ਰਿਪਟ ਹੈ"
ਸੁਖਪਾਲ ਖਹਿਰਾ ਨੇ ਦੋਸ਼ ਲਾਇਆ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਮਹਿਲਾ ਵਲੰਟੀਅਰਾਂ ਦਾ ਨਾਚ ਕੋਈ ਕੁਦਰਤੀ ਪ੍ਰਤੀਕਿਰਿਆ ਨਹੀਂ ਸੀ, ਸਗੋਂ 'ਆਪ' ਵੱਲੋਂ ਵੋਟਾਂ ਬਟੋਰਨ ਲਈ ਤਿਆਰ ਕੀਤਾ ਗਿਆ ਇੱਕ 'ਸਕ੍ਰਿਪਟਿਡ ਡਾਂਸ' ਸੀ। ਉਨ੍ਹਾਂ ਕਿਹਾ ਕਿ 1000 ਰੁਪਏ ਦੀ ਸਕੀਮ ਮਹਿਜ਼ ਇੱਕ ਚੋਣ ਸਟੰਟ ਹੈ। ਜੇਕਰ ਸਰਕਾਰ ਔਰਤਾਂ ਦੀ ਭਲਾਈ ਲਈ ਗੰਭੀਰ ਹੁੰਦੀ ਤਾਂ ਇਹ ਵਾਅਦਾ ਪਹਿਲੇ ਬਜਟ ਵਿੱਚ ਹੀ ਪੂਰਾ ਕੀਤਾ ਜਾਣਾ ਚਾਹੀਦਾ ਸੀ, ਨਾ ਕਿ ਸਰਕਾਰ ਦੇ ਆਖਰੀ ਸਾਲ ਵਿੱਚ।
ਮਾਈ ਭਾਗੋ ਦੇ ਜਜ਼ਬੇ ਦਾ ਦਿੱਤਾ ਹਵਾਲਾ
ਆਪਣੇ ਬਿਆਨ ਦੀ ਪ੍ਰੌੜਤਾ ਕਰਦਿਆਂ ਖਹਿਰਾ ਨੇ ਪੰਜਾਬ ਦੀਆਂ ਔਰਤਾਂ ਦੀ ਅਣਖ ਦੀ ਤੁਲਨਾ ਮਾਤਾ ਭਾਗ ਕੌਰ (ਮਾਈ ਭਾਗੋ) ਦੇ ਸਾਹਸ ਨਾਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਬਹਾਦਰ ਔਰਤਾਂ ਮਾਈ ਭਾਗੋ ਨੂੰ ਆਪਣਾ ਆਦਰਸ਼ ਮੰਨਦੀਆਂ ਹਨ, ਜਿਨ੍ਹਾਂ ਨੇ ਮੁਕਤਸਰ ਦੀ ਜੰਗ ਵਿੱਚ ਮੁਗਲਾਂ ਵਿਰੁੱਧ ਲੋਹਾ ਲਿਆ ਸੀ। ਖਹਿਰਾ ਅਨੁਸਾਰ, ਮਾਮੂਲੀ ਰਕਮ ਦੇ ਲਾਲਚ ਵਿੱਚ ਨੱਚਣਾ ਪੰਜਾਬਣਾਂ ਦੀ ਉਸ ਮਹਾਨ ਵਿਰਾਸਤ ਅਤੇ ਅਣਖ ਦੇ ਵਿਰੁੱਧ ਹੈ।
48,000 ਰੁਪਏ ਦੇ ਬਕਾਏ ਦਾ ਮੁੱਦਾ ਭਖਾਇਆ
ਸਿਰਫ਼ ਟਿੱਪਣੀਆਂ ਹੀ ਨਹੀਂ, ਖਹਿਰਾ ਨੇ ਸਰਕਾਰ 'ਤੇ ਆਰਥਿਕ ਘੇਰਾਬੰਦੀ ਕਰਦਿਆਂ ਮੰਗ ਕੀਤੀ ਕਿ ਭਗਵੰਤ ਮਾਨ ਸਰਕਾਰ ਪੰਜਾਬ ਦੀਆਂ ਔਰਤਾਂ ਨੂੰ ਪਿਛਲੇ ਚਾਰ ਸਾਲਾਂ ਦੇ ਬਕਾਏ ਵਜੋਂ 48,000 ਰੁਪਏ ਦੀ ਅਦਾਇਗੀ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਤਿੰਨ ਸਾਲਾਂ ਤੋਂ ਵੱਧ ਸਮੇਂ ਤੱਕ ਇਹ ਪੈਸਾ ਰੋਕ ਕੇ ਰੱਖਿਆ ਹੈ, ਇਸ ਲਈ ਹੁਣ ਸਿਰਫ਼ 1000 ਰੁਪਏ ਨਾਲ ਡਰਾਮਾ ਕਰਨ ਦੀ ਬਜਾਏ ਔਰਤਾਂ ਦਾ ਬਣਦਾ ਪੂਰਾ ਹੱਕ ਦਿੱਤਾ ਜਾਵੇ।
Get all latest content delivered to your email a few times a month.