ਤਾਜਾ ਖਬਰਾਂ
ਪਾਕਿਸਤਾਨ ਵਾਲੇ ਪਾਸਿਓਂ ਡਰੋਨ ਅਤੇ ਹੋਰ ਤਰੀਕਿਆਂ ਰਾਹੀਂ ਹੈਰੋਇਨ ਦੀ ਤਸਕਰੀ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਬੀਤੀ ਰਾਤ ਖੇਮਕਰਨ ਦੇ ਸਰਹੱਦੀ ਇਲਾਕੇ ਵਿੱਚ ਸਥਿਤ ਬਾਰਡਰ ਪੋਸਟ 'ਕਾਲੀਆ' ਅਤੇ 'ਨੂਰ ਵਾਲਾ' ਦੇ ਵਿਚਕਾਰ, BSF ਦੀ 142 ਬਟਾਲੀਅਨ ਦੇ ਜਵਾਨਾਂ ਨੇ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ।
ਤਾਰਾਂ ਨੇੜੇ ਪਹੁੰਚਿਆ ਸੀ ਘੁਸਪੈਠੀਏ
ਜਾਣਕਾਰੀ ਅਨੁਸਾਰ, ਅੰਤਰਰਾਸ਼ਟਰੀ ਸਰਹੱਦ ਪਾਰ ਕਰਕੇ ਕੰਢਿਆਲੀ ਤਾਰ ਦੇ ਬਿਲਕੁਲ ਨੇੜੇ ਆ ਕੇ ਹੈਰੋਇਨ ਦੀ ਖੇਪ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਇੱਕ ਅਣਪਛਾਤੇ ਪਾਕਿਸਤਾਨੀ ਘੁਸਪੈਠੀਏ ਨੂੰ ਜਵਾਨਾਂ ਨੇ ਗੋਲੀ ਮਾਰ ਦਿੱਤੀ। ਜਵਾਨਾਂ ਨੇ ਸ਼ੱਕੀ ਹਰਕਤ ਦੇਖਦੇ ਹੀ ਫਾਇਰਿੰਗ ਕੀਤੀ, ਜਿਸ ਵਿੱਚ ਘੁਸਪੈਠੀਏ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਸ਼ੱਕੀ ਸਾਮਾਨ ਬਰਾਮਦ, ਸਾਥੀ ਹੋਏ ਫ਼ਰਾਰ
ਹਲਾਕ ਹੋਏ ਘੁਸਪੈਠੀਏ ਦੀ ਲਾਸ਼ ਕੋਲੋਂ ਕੁਝ ਸ਼ੱਕੀ ਚੀਜ਼ਾਂ ਵੀ ਬਰਾਮਦ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਦੌਰਾਨ ਕੁਝ ਹੋਰ ਪਾਕਿਸਤਾਨੀ ਤਸਕਰ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ਵਿੱਚ ਕਾਮਯਾਬ ਹੋ ਗਏ। ਫਿਲਹਾਲ ਥਾਣਾ ਵਲਟੋਹਾ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਪੋਸਟਮਾਰਟਮ ਲਈ ਪੱਟੀ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ।
ਕਣਕ ਦੀ ਵਾਢੀ ਤੋਂ ਪਹਿਲਾਂ ਵਧੀ ਤਸਕਰੀ
ਸਰਹੱਦੀ ਸੂਤਰਾਂ ਮੁਤਾਬਕ, ਸਰਹੱਦ 'ਤੇ ਡਰੋਨ ਦੀ ਹਰਕਤ ਬਹੁਤ ਵਧ ਗਈ ਹੈ। ਅਕਸਰ ਦੇਖਿਆ ਜਾਂਦਾ ਹੈ ਕਿ ਪਾਕਿਸਤਾਨੀ ਤਸਕਰ ਕਣਕ ਦੀ ਫ਼ਸਲ ਪੱਕਣ ਅਤੇ ਵਾਢੀ ਸ਼ੁਰੂ ਹੋਣ ਤੋਂ ਪਹਿਲਾਂ ਵੱਧ ਤੋਂ ਵੱਧ ਹੈਰੋਇਨ ਭਾਰਤੀ ਖੇਤਰ ਵਿੱਚ ਭੇਜਣ ਦੀ ਕੋਸ਼ਿਸ਼ ਕਰਦੇ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਇਸੇ ਇਲਾਕੇ ਵਿੱਚ ਇੱਕ ਪਾਕਿਸਤਾਨੀ ਨੌਜਵਾਨ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਫਿਲਹਾਲ BSF ਅਤੇ ਸਥਾਨਕ ਪੁਲਿਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
Get all latest content delivered to your email a few times a month.