ਤਾਜਾ ਖਬਰਾਂ
ਚੰਡੀਗੜ੍ਹ, 9 ਮਾਰਚ:-
ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਕਾਂਗਰਸ ਆਪਣੀ "ਰਾਜਨੀਤਿਕ ਤੌਰ 'ਤੇ ਦੀਵਾਲੀਆ" ਹੋਣ ਦੀ ਸਥਿਤੀ ਕੱਜਣ ਲਈ ਹੀ ਬਹਿਸ ਤੋਂ ਭੱਜ ਰਹੀ ਹੈ। ਉਨ੍ਹਾਂ ਨੇ ਵਿਰੋਧੀ ਧਿਰ ਦੇ ਚੋਣ ਮਨੋਰਥ ਪੱਤਰ ਨੂੰ ਜ਼ੁਮਲਿਆਂ ਦਾ ਕਿਤਾਬਚਾ ਆਖਦਿਆਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ।
ਵਿਰੋਧੀ ਧਿਰ ਦੇ ਨੇਤਾ (ਐਲਓਪੀ) ਅਤੇ ਹੋਰ ਕਾਂਗਰਸੀ ਆਗੂਆਂ 'ਤੇ ਨਿਸ਼ਾਨਾ ਸੇਧਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ, "ਉਹ ਆਪਣੇ ਆਪ ਨੂੰ ਵਿਰੋਧੀ ਧਿਰ ਦੇ ਨੇਤਾ ਅਖਵਾਉਂਦੇ ਹਨ। ਅਸੀਂ ਤਾਂ ਉਨ੍ਹਾਂ ਦੀ ਗੱਲ ਨੂੰ ਸੰਜਮ ਨਾਲ ਸੁਣਿਆ ਪਰ ਜਦੋਂ ਅਸੀਂ ਤੱਥ ਪੇਸ਼ ਕੀਤੇ ਤਾਂ ਉਨ੍ਹਾਂ ਨੇ ਵਾਕਆਊਟ ਕਰ ਲਿਆ ਅਤੇ ਬਿਲਕੁਲ ਇਸੇ ਤਰ੍ਹਾਂ ਹੀ ਉਨ੍ਹਾਂ ਨੇ 6 ਮਾਰਚ ਨੂੰ ਰਾਜਪਾਲ ਦੇ ਭਾਸ਼ਣ ਦੌਰਾਨ ਕੀਤਾ ਸੀ। ਵਿਰੋਧੀ ਧਿਰ ਦੇ ਨੇਤਾ ਅਕਸਰ ਬਿਨਾਂ ਸੁਣੇ, ਬਿਨਾਂ ਪੜ੍ਹੇ ਸਦਨ ਵਿੱਚੋਂ ਵਾਕਆਊਟ ਕਰ ਜਾਂਦੇ ਹਨ। ਉਹ ਸਿਰਫ਼ ਪੰਜਾਬ ਦੇ ਅਸਲ ਮੁੱਦਿਆਂ ਤੋਂ ਭੱਜਣਾ ਚਾਹੁੰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਉਨ੍ਹਾਂ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਕੱਖ ਨਹੀਂ ਕੀਤਾ ਸੀ।"
ਕਾਂਗਰਸ ਪਾਰਟੀ ਦੇ 2017 ਦੇ ਚੋਣ ਮਨੋਰਥ ਪੱਤਰ ਨੂੰ ਸਦਨ ‘ਚ ਵਿਖਾਉਂਦਿਆਂ ਸ੍ਰੀ ਅਮਨ ਅਰੋੜਾ ਨੇ ਕਾਂਗਰਸੀ ਆਗੂਆਂ ਨੂੰ ਚੁਣੌਤੀ ਦਿੱਤੀ ਕਿ ਉਹ ਇਸ ਵਿੱਚੋਂ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਪੂਰੇ ਕੀਤੇ ਕਿਸੇ ਵਾਅਦਿਆਂ ਬਾਰੇ ਦੱਸਣ। ਉਨ੍ਹਾਂ ਕਾਂਗਰਸ ਦੀ 'ਘਰ-ਘਰ ਰੁਜ਼ਗਾਰ' ਯੋਜਨਾ ਅਤੇ ਹਰ ਬੇਰੁਜ਼ਗਾਰ ਨੌਜਵਾਨ ਨੂੰ 2,500 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦੇ ਵਾਅਦੇ ਨੂੰ ਯਾਦ ਕਰਵਾਇਆ। ਉਨ੍ਹਾਂ ਕਿਹਾ ਕਿ ਪੰਜ ਸਾਲਾਂ ਵਿੱਚ ਇਹ ਭੱਤਾ ਪ੍ਰਤੀ ਵਿਅਕਤੀ 1.5 ਲੱਖ ਰੁਪਏ ਬਣ ਗਿਆ ਸੀ। ਕੀ ਤੁਸੀਂ ਮੈਨੂੰ ਪੰਜਾਬ ਵਿੱਚ ਇੱਕ ਵੀ ਅਜਿਹਾ ਨੌਜਵਾਨ ਦਿਖਾ ਸਕਦੇ ਹੋ ਜਿਸਨੂੰ ਤੁਸੀਂ ਇਹ ਭੱਤਾ ਦਿੱਤਾ ਹੋਵੇ? ਉਨ੍ਹਾਂ ਕਿਹਾ ਕਿ ਦੂਜੇ ਪਾਸੇ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਨੌਜਵਾਨਾਂ ਨੂੰ 63000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਹਨ।
ਇਸ ਤੋਂ ਬਾਅਦ ਕੈਬਨਿਟ ਮੰਤਰੀ ਨੇ ਸਿਹਤ ਸੰਭਾਲ ਬਾਰੇ ਗੱਲ ਕਰਦਿਆਂ, ਕਾਂਗਰਸ ਨੂੰ ਮੁਹੱਲਾ ਕਲੀਨਿਕ ਸਥਾਪਤ ਕਰਨ ਦੇ ਆਪਣੇ ਵਾਅਦੇ ਦਾ ਚੇਤਾ ਕਰਵਾਇਆ। ਉਨ੍ਹਾਂ ਕਿਹਾ, "ਤੁਸੀਂ ਸ੍ਰੀ ਅਰਵਿੰਦ ਕੇਜਰੀਵਾਲ ਦੇ ਦਿੱਲੀ ਮਾਡਲ ਦੀ ਨਕਲ ਕੀਤੀ ਅਤੇ ਹਰ 1,000 ਲੋਕਾਂ ਲਈ ਇੱਕ ਕਲੀਨਿਕ ਦਾ ਵਾਅਦਾ ਕੀਤਾ ਪਰ ਤੁਸੀਂ ਇੱਕ ਵੀ ਨਹੀਂ ਬਣਾ ਸਕੇ। ਇਸ ਦੇ ਉਲਟ, ਸਾਡੀ ਸਰਕਾਰ ਨੇ ਅਜਿਹੇ 881 ਕਲੀਨਿਕ ਸਥਾਪਤ ਕੀਤੇ ਹਨ ਅਤੇ 240 ਹੋਰ ਸਥਾਪਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।"
ਖੇਡਾਂ ਦੇ ਬੁਨਿਆਦੀ ਢਾਂਚੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਖੇਡਾਂ ਦੇ ਖੇਤਰ ਵਿੱਚ ਪੂਰੀ ਤਰ੍ਹਾਂ ਅਸਫਲ ਰਹੀਆਂ। ਉਨ੍ਹਾਂ ਕਿਹਾ, "ਤੁਸੀਂ ਹਰ ਪਿੰਡ ਵਿੱਚ ਇੱਕ ਖੇਡ ਕੰਪਲੈਕਸ ਦਾ ਵਾਅਦਾ ਕੀਤਾ ਸੀ ਪਰ ਤੁਸੀਂ ਕੋਈ ਨਹੀਂ ਬਣਾਇਆ। ਸਾਡੀ ਸਰਕਾਰ ਵੱਲੋਂ 3,100 ਖੇਡ ਮੈਦਾਨ ਬਣਾਏ ਗਏ ਹਨ ਅਤੇ ਇਸ ਬਜਟ ਵਿੱਚ 6,000 ਹੋਰ ਖੇਡ ਬਣਾਉਣ ਦੀ ਯੋਜਨਾ ਉਲੀਕੀ ਗਈ ਹੈ।"
ਸ੍ਰੀ ਅਮਨ ਅਰੋੜਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 'ਆਪ' ਸਰਕਾਰ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ, ਜਿਸ ਵਿੱਚ ਹਰ ਘਰ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦੀ ਵਿਵਸਥਾ, ਕਿਸਾਨਾਂ ਲਈ ਸਸਤੀ ਬਿਜਲੀ ਯਕੀਨੀ ਬਣਾਉਣ ਲਈ ਜੀਵੀਕੇ ਪਾਵਰ ਪਲਾਂਟ ਖਰੀਦਣਾ ਅਤੇ ਹਜ਼ਾਰਾਂ ਕਿਲੋਮੀਟਰ ਸੜਕਾਂ ਦਾ ਨਿਰਮਾਣ ਅਤੇ ਸਿੱਖਿਆ ਕ੍ਰਾਂਤੀ ਸ਼ਾਮਲ ਹੈ।
ਸੂਬੇ ‘ਚ 1.5 ਲੱਖ ਕਰੋੜ ਰੁਪਏ ਦੇ ਨਵੇਂ ਨਿਵੇਸ਼ ਦਾ ਜ਼ਿਕਰ ਕਰਦਿਆਂ, ਉਨ੍ਹਾਂ ਕਿਹਾ ਕਿ ਇਸ ਨਿਵੇਸ਼ ਨਾਲ ਪੰਜ ਲੱਖ ਨੌਕਰੀਆਂ ਪੈਦਾ ਹੋਣਗੀਆਂ।
ਮੰਤਰੀ ਨੇ ਕਿਹਾ, " ਇੱਕ ਨਵਾਂ ਪੰਜਾਬ ਸਿਰਜਿਆ ਜਾ ਰਿਹਾ ਹੈ ਜਿਸ ਦਾ ਸਿਹਰਾ ਨਸ਼ਿਆਂ ਅਤੇ ਅਪਰਾਧ ਵਿਰੁੱਧ ਲੜਾਈ ਸਬੰਧੀ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਯਤਨਾਂ ਨੂੰ ਜਾਂਦਾ ਹੈ। ਇਹ ਹੀ ਅਸਲ ਵਿਕਾਸ ਹੈ ਜਿਸ ਬਾਰੇ ਰਾਜਪਾਲ ਗੱਲ ਕਰਨਾ ਚਾਹੁੰਦੇ ਸਨ। ਪਰ ਕਾਂਗਰਸ ਪੰਜਾਬ ਦੀ ਤਰੱਕੀ ਨੂੰ ਹਜ਼ਮ ਨਹੀਂ ਕਰ ਸਕਦੀ। ਇਹ ਸਪੱਸ਼ਟ ਹੈ ਕਿ ਕਾਂਗਰਸ ਪਾਰਟੀ ਮਾਨਸਿਕ, ਰਾਜਨੀਤਿਕ ਅਤੇ ਸਮਾਜਿਕ ਤੌਰ 'ਤੇ ਦੀਵਾਲੀਆ ਹੋ ਚੁੱਕੀ ਹੈ। ਉਨ੍ਹਾਂ ਦਾ ਅਸਲੀ ਚਿਹਰਾ ਹੁਣ ਪੰਜਾਬ ਦੇ ਲੋਕਾਂ ਸਾਹਮਣੇ ਬੇਨਕਾਬ ਹੋ ਗਿਆ ਹੈ।"
ਕਾਂਗਰਸੀ ਆਗੂਆਂ 'ਤੇ ਮੁੜ ਨਿਸ਼ਾਨਾ ਸਾਧਦਿਆਂ, ਸ੍ਰੀ ਅਰੋੜਾ ਨੇ ਉਨ੍ਹਾਂ ਨੂੰ ਆਪਣੀ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਦੇ ਹੱਥੋਂ ਹੋਏ ਕਥਿਤ ਅਪਮਾਨ ਦੀ ਯਾਦ ਦਿਵਾਈ। ਉਨ੍ਹਾਂ ਨੇ ਤੁਹਾਨੂੰ ਪਾਰਟੀ ਤੋਂ ਕੱਢਣ ਦੀ ਧਮਕੀ ਦਿੱਤੀ, ਫਿਰ ਵੀ ਤੁਸੀਂ ਸਿਰ ਝੁਕਾ ਕੇ ਬੈਠੇ ਰਹੇ। ਤੁਹਾਨੂੰ ਉਸੇ ਦਿਨ ਅਸਤੀਫਾ ਦੇ ਦੇਣਾ ਚਾਹੀਦਾ ਸੀ।
Get all latest content delivered to your email a few times a month.