ਤਾਜਾ ਖਬਰਾਂ
ਪਟਿਆਲਾ, 9 ਮਾਰਚ 2026 – ਸਿਵਲ ਸਰਜਨ ਪਟਿਆਲਾ ਡਾ. ਕੁਸ਼ਲਦੀਪ ਗਿੱਲ ਨੇ ਮਹਿਲਾਵਾਂ ਵਿੱਚ ਵੱਧ ਰਹੇ ਸਰਵੀਕਲ ਕੈਂਸਰ ਤੋਂ ਬਚਾਅ ਲਈ ਐੱਚਪੀਵੀ (ਹਿਊਮਨ ਪੈਪੀਲੋਮਾ ਵਾਇਰਸ) ਵੈਕਸੀਨ ਲਗਵਾਉਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਰਵੀਕਲ ਕੈਂਸਰ ਮਹਿਲਾਵਾਂ ਵਿੱਚ ਪਾਇਆ ਜਾਣ ਵਾਲਾ ਦੂਜਾ ਸਭ ਤੋਂ ਆਮ ਕੈਂਸਰ ਹੈ ਅਤੇ ਲਗਭਗ 99 ਫੀਸਦੀ ਮਾਮਲਿਆਂ ਵਿੱਚ ਇਹ ਬਿਮਾਰੀ ਐੱਚਪੀਵੀ ਵਾਇਰਸ ਦੀ ਸੰਕਰਮਣ ਕਾਰਨ ਹੁੰਦੀ ਹੈ।
ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਇਸ ਬਿਮਾਰੀ ਤੋਂ ਬਚਾਅ ਲਈ ਗਾਰਡਾਸਿਲ-4 ਵੈਕਸੀਨ ਦਿੱਤੀ ਜਾ ਰਹੀ ਹੈ। ਇਹ ਟੀਕਾ ਖਾਸ ਤੌਰ ‘ਤੇ ਉਹਨਾਂ ਲੜਕੀਆਂ ਲਈ ਹੈ ਜਿਨ੍ਹਾਂ ਦੀ ਉਮਰ 14 ਤੋਂ 15 ਸਾਲ ਦੇ ਵਿਚਕਾਰ ਹੈ, ਅਰਥਾਤ ਜਿਨ੍ਹਾਂ ਨੇ 14ਵਾਂ ਜਨਮਦਿਨ ਮਨਾ ਲਿਆ ਹੈ ਪਰ 15ਵਾਂ ਅਜੇ ਨਹੀਂ ਮਨਾਇਆ।
ਡਾ. ਗਿੱਲ ਮੁਤਾਬਕ ਜ਼ਿਲ੍ਹਾ ਪਟਿਆਲਾ ਵਿੱਚ 13 ਸਿਹਤ ਕੇਂਦਰਾਂ ‘ਤੇ ਇਹ ਟੀਕਾਕਰਨ ਮੁਹਿੰਮ ਚੱਲ ਰਹੀ ਹੈ। ਇਨ੍ਹਾਂ ਵਿੱਚ ਮਾਤਾ ਕੌਸ਼ਲਿਆ ਹਸਪਤਾਲ ਅਤੇ ਰਾਜਿੰਦਰਾ ਹਸਪਤਾਲ ਪਟਿਆਲਾ ਸਮੇਤ ਸੀਐਚਸੀ ਨਾਭਾ, ਸਮਾਣਾ, ਰਾਜਪੁਰਾ, ਭਾਦਸੋ, ਕਾਲੋ ਮਾਜਰਾ, ਹਰਪਾਲਪੁਰ, ਦੂਧਨ ਸਾਧਾਂ, ਪਾਤੜਾ ਅਤੇ ਕੌਲੀ ਵਰਗੀਆਂ ਸਿਹਤ ਸੰਸਥਾਵਾਂ ਸ਼ਾਮਲ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਦੁਨੀਆ ਭਰ ਵਿੱਚ 50 ਕਰੋੜ ਤੋਂ ਵੱਧ ਲੋਕਾਂ ਨੂੰ ਇਹ ਟੀਕਾ ਲਗਾਇਆ ਜਾ ਚੁੱਕਾ ਹੈ ਅਤੇ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਮੰਨੀ ਜਾਂਦੀ ਹੈ। ਸਿਵਲ ਸਰਜਨ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਇਸ ਖਤਰਨਾਕ ਬਿਮਾਰੀ ਤੋਂ ਬਚਾਉਣ ਲਈ ਸਮੇਂ ਸਿਰ ਐੱਚਪੀਵੀ ਵੈਕਸੀਨ ਜ਼ਰੂਰ ਲਗਵਾਉਣ ਅਤੇ ਸਰਕਾਰੀ ਹਸਪਤਾਲਾਂ ਵਿੱਚ ਚੱਲ ਰਹੇ ਟੀਕਾਕਰਨ ਅਭਿਆਨ ਦਾ ਲਾਭ ਲੈਣ।
Get all latest content delivered to your email a few times a month.