ਤਾਜਾ ਖਬਰਾਂ
ਮੁਹਾਲੀ ਸਥਿਤ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੀ ਜ਼ਮੀਨ ਨਾਲ ਜੁੜੇ ਵਿਵਾਦਿਤ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਵੱਡਾ ਫੈਸਲਾ ਲੈਂਦਿਆਂ ਆਪਣੇ ਸਕੱਤਰ ਪ੍ਰਤਾਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਉਸ ਸਮੇਂ ਕੀਤੀ ਗਈ ਜਦੋਂ ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਸਬ ਕਮੇਟੀ ਨੇ ਆਪਣੀ ਰਿਪੋਰਟ ਪੇਸ਼ ਕੀਤੀ।
ਜਾਣਕਾਰੀ ਮੁਤਾਬਕ ਗੁਰਦੁਆਰਾ ਸ੍ਰੀ ਅੰਬ ਸਾਹਿਬ ਪਾਤਸ਼ਾਹੀ ਸੱਤਵੀਂ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਨਾਲ ਸੰਬੰਧਿਤ ਪਿੰਡ ਸੈਣੀਮਾਜਰਾ (ਪ੍ਰੇਮਗੜ੍ਹ) ਵਿਖੇ ਪੈਂਦੀ ਕਰੀਬ 1 ਵਿਘਾ, 6 ਵਿਸਬੇ ਅਤੇ 10 ਵਿਸਬਾਸੀਆਂ ਜ਼ਮੀਨ ਨੂੰ ਧੋਖਾਧੜੀ ਅਤੇ ਅਮਾਨਤ ਵਿੱਚ ਖਿਆਨਤ ਕਰਦੇ ਹੋਏ ਫਰਜ਼ੀ ਤਰੀਕੇ ਨਾਲ ਵੇਚਣ ਦੇ ਦੋਸ਼ ਸਾਹਮਣੇ ਆਏ ਸਨ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ SGPC ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਅਤੇ ਤੁਰੰਤ ਕਾਰਵਾਈ ਦੀ ਸ਼ੁਰੂਆਤ ਕੀਤੀ ਗਈ।
ਇਸ ਤੋਂ ਪਹਿਲਾਂ SGPC ਪ੍ਰਧਾਨ ਨੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਸੀ ਅਤੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ। ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਜਾਂਚ ਦੌਰਾਨ ਕਿਸੇ ਹੋਰ ਵਿਅਕਤੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਦੇ ਖਿਲਾਫ ਵੀ ਸਖ਼ਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਮਾਮਲੇ ਦੀ ਪੂਰੀ ਜਾਂਚ ਲਈ SGPC ਵੱਲੋਂ ਪੰਜ ਮੈਂਬਰੀ ਕਮੇਟੀ ਬਣਾਈ ਗਈ ਸੀ, ਜਿਸ ਵਿੱਚ ਬੀਬੀ ਹਰਜਿੰਦਰ ਕੌਰ, ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਸੁਰਜੀਤ ਸਿੰਘ ਭਿੱਟੇਵੱਡ ਅਤੇ ਪਰਮਜੀਤ ਸਿੰਘ ਲੱਖੇਵਾਲ ਸ਼ਾਮਲ ਸਨ। ਕਮੇਟੀ ਨੇ ਆਪਣੀ ਜਾਂਚ ਪੂਰੀ ਕਰਕੇ ਰਿਪੋਰਟ SGPC ਪ੍ਰਧਾਨ ਨੂੰ ਸੌਂਪੀ, ਜਿਸ ਦੇ ਆਧਾਰ 'ਤੇ ਹੁਣ ਸਕੱਤਰ ਪ੍ਰਤਾਪ ਸਿੰਘ ਨੂੰ ਮੁਅੱਤਲ ਕਰਨ ਦਾ ਫੈਸਲਾ ਲਿਆ ਗਿਆ ਹੈ।
Get all latest content delivered to your email a few times a month.