ਤਾਜਾ ਖਬਰਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਉਦਯੋਗਿਕ ਰਾਜਧਾਨੀ ਲੁਧਿਆਣਾ ਦੇ ਦੌਰੇ 'ਤੇ ਹਨ, ਜਿੱਥੇ ਉਹ ਕਈ ਅਹਿਮ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨਗੇ। ਮੁੱਖ ਮੰਤਰੀ ਜਿੱਥੇ ਇੱਕ ਪਾਸੇ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਔਰਤਾਂ ਨੂੰ ਸਨਮਾਨਿਤ ਕਰਨਗੇ, ਉੱਥੇ ਹੀ ਦੂਜੇ ਪਾਸੇ ਸ਼ਹਿਰ ਦੇ ਦਿੱਗਜ ਕਾਰੋਬਾਰੀਆਂ ਨਾਲ ਮਿਲ ਕੇ ਸੂਬੇ ਦੇ ਉਦਯੋਗਿਕ ਭਵਿੱਖ ਦੀ ਰੂਪ-ਰੇਖਾ ਉਲੀਕਣਗੇ।
ਮਹਿਲਾ ਸ਼ਕਤੀ ਦਾ ਹੋਵੇਗਾ ਸਨਮਾਨ
ਮੁੱਖ ਮੰਤਰੀ ਦੇ ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਤੋਂ ਹੋਵੇਗੀ। ਇੱਥੇ ਰਾਜ ਪੱਧਰੀ ਸਮਾਗਮ ਦੌਰਾਨ ਉਹ ਸੂਬੇ ਦੀਆਂ ਚੁਣੀਆਂ ਹੋਈਆਂ ਔਰਤਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕਰਨਗੇ। ਸਨਮਾਨਿਤ ਹੋਣ ਵਾਲੀਆਂ ਸ਼ਖਸੀਅਤਾਂ ਵਿੱਚ ਸੂਬੇ ਵਿੱਚ ਸੇਵਾਵਾਂ ਨਿਭਾ ਰਹੀਆਂ ਸੀਨੀਅਰ ਮਹਿਲਾ IAS ਅਤੇ IPS ਅਧਿਕਾਰੀ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹਨ।
ਕਾਰੋਬਾਰੀਆਂ ਨਾਲ ਸਿੱਧਾ ਸੰਵਾਦ: ਨਵੀਂ ਨੀਤੀ 'ਤੇ ਨਜ਼ਰ
ਔਰਤਾਂ ਨੂੰ ਸਨਮਾਨਿਤ ਕਰਨ ਉਪਰੰਤ ਮੁੱਖ ਮੰਤਰੀ ਇੱਕ ਨਿੱਜੀ ਹੋਟਲ ਵਿੱਚ ਉਦਯੋਗ ਜਗਤ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨਗੇ। ਇਸ ਮੌਕੇ ਉਦਯੋਗ ਮੰਤਰੀ ਸੰਜੀਵ ਅਰੋੜਾ ਵੀ ਮੌਜੂਦ ਰਹਿਣਗੇ। ਮੀਟਿੰਗ ਵਿੱਚ ਹੇਠ ਲਿਖੇ ਸੈਕਟਰਾਂ ਦੇ ਪ੍ਰਤੀਨਿਧ ਸ਼ਾਮਲ ਹੋਣਗੇ:
ਹੌਜ਼ਰੀ ਅਤੇ ਟੈਕਸਟਾਈਲ
ਸਾਈਕਲ ਅਤੇ ਸਾਈਕਲ ਪਾਰਟਸ
ਸਿਲਾਈ ਮਸ਼ੀਨ ਅਤੇ ਆਟੋ ਪਾਰਟਸ
ਸੂਤਰਾਂ ਮੁਤਾਬਕ ਪੰਜਾਬ ਸਰਕਾਰ ਜਲਦ ਹੀ ਇੱਕ ਨਵੀਂ ਉਦਯੋਗਿਕ ਨੀਤੀ ਲਿਆਉਣ ਦੀ ਤਿਆਰੀ ਵਿੱਚ ਹੈ। ਅੱਜ ਦੀ ਇਸ ਚਰਚਾ ਦੌਰਾਨ ਮੁੱਖ ਮੰਤਰੀ ਉੱਦਮੀਆਂ ਤੋਂ ਇਸ ਨੀਤੀ ਸਬੰਧੀ ਸੁਝਾਅ ਲੈ ਸਕਦੇ ਹਨ ਤਾਂ ਜੋ ਸੂਬੇ ਵਿੱਚ ਨਿਵੇਸ਼ ਲਈ ਸਾਜ਼ਗਾਰ ਮਾਹੌਲ ਸਿਰਜਿਆ ਜਾ ਸਕੇ।
ਬਿਜਲੀ ਦਰਾਂ ਵਿੱਚ ਰਾਹਤ ਨਾਲ ਵਧਿਆ ਉਤਸ਼ਾਹ
ਹਾਲ ਹੀ ਵਿੱਚ ਸਰਕਾਰ ਵੱਲੋਂ ਬਿਜਲੀ ਦਰਾਂ ਵਿੱਚ ਕੀਤੀ ਗਈ ਕਟੌਤੀ ਅਤੇ ਸਾਲਾਨਾ 3 ਫੀਸਦੀ ਵਾਧੇ 'ਤੇ ਲਗਾਈ ਗਈ ਰੋਕ ਕਾਰਨ ਉਦਯੋਗਪਤੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਮੀਟਰ ਲੋਡ ਵਧਾਉਣ ਸਬੰਧੀ ਦਿੱਤੀ ਗਈ ਛੋਟ ਵੀ MSME ਸੈਕਟਰ ਲਈ ਵੱਡੀ ਰਾਹਤ ਮੰਨੀ ਜਾ ਰਹੀ ਹੈ। ਮੁੱਖ ਮੰਤਰੀ ਅੱਜ ਇਨ੍ਹਾਂ ਰਾਹਤਾਂ ਦਾ ਜ਼ਿਕਰ ਕਰਦਿਆਂ ਸਰਕਾਰ ਵੱਲੋਂ ਉਦਯੋਗਾਂ ਨੂੰ ਦਿੱਤੇ ਜਾ ਰਹੇ ਸਮਰਥਨ ਦਾ ਦਾਅਵਾ ਹੋਰ ਮਜ਼ਬੂਤ ਕਰਨਗੇ।
ਮਾਸਟਰ ਪਲਾਨ ਅਤੇ MSME ਯੂਨਿਟਾਂ ਦਾ ਮਸਲਾ
ਲੁਧਿਆਣਾ ਦੇ ਮਾਸਟਰ ਪਲਾਨ ਖੇਤਰ ਵਿੱਚ ਚੱਲ ਰਹੇ ਕਰੀਬ 50,000 MSME ਯੂਨਿਟਾਂ ਦਾ ਮੁੱਦਾ ਇਸ ਮੀਟਿੰਗ ਦਾ ਮੁੱਖ ਕੇਂਦਰ ਰਹਿਣ ਦੀ ਉਮੀਦ ਹੈ। ਕਈ ਸਾਲਾਂ ਤੋਂ ਇਨ੍ਹਾਂ ਯੂਨਿਟਾਂ ਨੂੰ ਸ਼ਿਫਟ ਕਰਨ ਦੀ ਤਲਵਾਰ ਲਟਕ ਰਹੀ ਹੈ। ਉਦਯੋਗਪਤੀ ਮੰਗ ਕਰ ਰਹੇ ਹਨ ਕਿ ਹਰ ਸਾਲ ਸਮਾਂ ਸੀਮਾ ਵਧਾਉਣ ਦੀ ਬਜਾਏ, ਸਰਕਾਰ ਇਸ ਦਾ ਕੋਈ ਪੱਕਾ ਹੱਲ ਕੱਢੇ ਤਾਂ ਜੋ ਉਹ ਬਿਨਾਂ ਕਿਸੇ ਡਰ ਦੇ ਆਪਣਾ ਕੰਮ ਜਾਰੀ ਰੱਖ ਸਕਣ।
Get all latest content delivered to your email a few times a month.