ਤਾਜਾ ਖਬਰਾਂ
ਭਾਰਤੀ ਹਵਾਈ ਫੌਜ (IAF) ਦਾ ਇੱਕ ਸ਼ਕਤੀਸ਼ਾਲੀ 'ਸੁਖੋਈ Su-30MKI' ਲੜਾਕੂ ਜਹਾਜ਼ ਅਸਮ ਦੇ ਕਾਰਬੀ ਆਂਗਲੋਂਗ ਖੇਤਰ ਵਿੱਚ ਸਿਖਲਾਈ ਦੌਰਾਨ ਹਾਦਸਾਗ੍ਰਸਤ ਹੋ ਗਿਆ। ਇਸ ਮੰਦਭਾਗੀ ਘਟਨਾ ਵਿੱਚ ਜਹਾਜ਼ ਸਵਾਰ ਦੋਵੇਂ ਪਾਇਲਟ— ਸਕੁਐਡਰਨ ਲੀਡਰ ਅਨੁਜ ਵਸ਼ਿਸ਼ਟ ਅਤੇ ਫਲਾਈਟ ਲੈਫਟੀਨੈਂਟ ਪੂਰਵੇਸ਼ ਦੁਰਾਗਕਰ ਸ਼ਹੀਦ ਹੋ ਗਏ ਹਨ। ਹਵਾਈ ਫੌਜ ਨੇ ਦੇਰ ਰਾਤ ਇਸ ਹਾਦਸੇ ਦੀ ਪੁਸ਼ਟੀ ਕਰਦਿਆਂ ਦੋਵਾਂ ਅਧਿਕਾਰੀਆਂ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਜਾਣਕਾਰੀ ਅਨੁਸਾਰ, ਇਹ ਫਾਈਟਰ ਜੈੱਟ ਇੱਕ ਨਿਯਮਤ ਸਿਖਲਾਈ ਮਿਸ਼ਨ 'ਤੇ ਸੀ। ਉਡਾਣ ਦੌਰਾਨ ਅਚਾਨਕ ਜਹਾਜ਼ ਦਾ ਗਰਾਊਂਡ ਕੰਟਰੋਲ ਅਤੇ ਰਡਾਰ ਨਾਲੋਂ ਸੰਪਰਕ ਟੁੱਟ ਗਿਆ। ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਜਦੋਂ ਕੋਈ ਸਿਗਨਲ ਨਹੀਂ ਮਿਲਿਆ, ਤਾਂ ਹਵਾਈ ਫੌਜ ਨੇ ਤੁਰੰਤ ਅਲਰਟ ਜਾਰੀ ਕਰ ਦਿੱਤਾ। ਬੀਤੀ ਰਾਤ ਕਰੀਬ 1:09 ਵਜੇ ਹਾਦਸੇ ਦੀ ਪੁਸ਼ਟੀ ਹੋਈ ਅਤੇ ਅੱਜ ਸਵੇਰੇ ਪਾਇਲਟਾਂ ਦੀ ਮੌਤ ਦੀ ਖ਼ਬਰ ਸਾਂਝੀ ਕੀਤੀ ਗਈ।
IAF ਦੀ ਇੱਕ ਵਿਸ਼ੇਸ਼ ਟੀਮ ਮੌਕੇ 'ਤੇ ਪਹੁੰਚ ਚੁੱਕੀ ਹੈ ਅਤੇ ਹਾਦਸੇ ਵਾਲੀ ਥਾਂ 'ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਹਵਾਈ ਫੌਜ ਨੇ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਇਹ ਹਾਦਸਾ ਕਿਸੇ ਤਕਨੀਕੀ ਖਰਾਬੀ ਕਾਰਨ ਹੋਇਆ ਜਾਂ ਖ਼ਰਾਬ ਮੌਸਮ ਇਸ ਦਾ ਕਾਰਨ ਬਣਿਆ।
ਸੁਖੋਈ Su-30MKI ਭਾਰਤੀ ਹਵਾਈ ਫੌਜ ਦੀ ਰੀੜ੍ਹ ਦੀ ਹੱਡੀ ਮੰਨਿਆ ਜਾਂਦਾ ਹੈ। ਦੋ ਇੰਜਣਾਂ ਵਾਲਾ ਇਹ ਮਲਟੀਰੋਲ ਜਹਾਜ਼ ਲੰਬੀ ਦੂਰੀ ਤੱਕ ਮਾਰ ਕਰਨ ਅਤੇ ਨਿਗਰਾਨੀ ਰੱਖਣ ਵਿੱਚ ਮਾਹਰ ਹੈ। ਇਸ ਦੀ ਵਰਤੋਂ ਅਕਸਰ ਦੇਸ਼ ਦੀ ਸੁਰੱਖਿਆ ਨਾਲ ਜੁੜੇ ਅਹਿਮ ਮਿਸ਼ਨਾਂ ਲਈ ਕੀਤੀ ਜਾਂਦੀ ਹੈ। ਏਨੇ ਤਾਕਤਵਰ ਜਹਾਜ਼ ਦਾ ਹਾਦਸਾਗ੍ਰਸਤ ਹੋਣਾ ਅਤੇ ਦੋ ਹੋਣਹਾਰ ਪਾਇਲਟਾਂ ਦਾ ਜਾਣਾ ਭਾਰਤੀ ਹਵਾਈ ਫੌਜ ਲਈ ਇੱਕ ਵੱਡਾ ਘਾਟਾ ਹੈ।
Get all latest content delivered to your email a few times a month.