ਤਾਜਾ ਖਬਰਾਂ
ਪਟਿਆਲਾ ਵਿੱਚ ਜਨਗਣਨਾ 2027 ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰੀਆਂ ਨੂੰ ਗਤੀਸ਼ੀਲ ਕੀਤਾ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਸ ਅਫਸਰ ਵਰਜੀਤ ਵਾਲੀਆ ਦੀ ਅਗਵਾਈ ਹੇਠ ਦੋ ਦਿਨਾਂ ਟ੍ਰੇਨਿੰਗ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ। ਵਰਕਸ਼ਾਪ ਵਿੱਚ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ)-ਕਮ-ਜ਼ਿਲ੍ਹਾ ਸੈਂਸਸ ਅਫਸਰ ਦਮਨਜੀਤ ਸਿੰਘ ਮਾਨ ਵੀ ਮੌਜੂਦ ਰਹੇ।
ਟ੍ਰੇਨਿੰਗ ਦੌਰਾਨ ਜਨਗਣਨਾ ਵਿਭਾਗ ਦੇ ਡਿਪਟੀ ਡਾਇਰੈਕਟਰ ਅਮਿਤ ਕੁਮਾਰ ਭਾਰਗਵ ਅਤੇ ਸਟੈਟਿਸਟਿਕਲ ਇਨਵੈਸਟੀਗੇਟਰ ਗ੍ਰੇਡ-2 ਨਿਧੀ ਵੱਲੋਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡਿਜ਼ੀਟਲ ਮੋਡ ਰਾਹੀਂ ਗਿਣਤੀ ਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਵਾਰ ਦੀ ਜਨਗਣਨਾ ਦੀ ਖਾਸ ਵਿਸ਼ੇਸ਼ਤਾ ਇਹ ਹੈ ਕਿ ਇਹ ਪਹਿਲੀ ਵਾਰ ਪੂਰੀ ਤਰ੍ਹਾਂ ਡਿਜ਼ੀਟਲ ਪੱਧਰ ’ਤੇ ਕਰਵਾਈ ਜਾ ਰਹੀ ਹੈ। ਨਾਲ ਹੀ ‘ਸੈਲਫ਼ ਇਨੁਮੀਰੇਸ਼ਨ’ ਦੀ ਸੁਵਿਧਾ ਵੀ ਦਿੱਤੀ ਗਈ ਹੈ, ਜਿਸ ਤਹਿਤ ਨਾਗਰਿਕ 30 ਅਪ੍ਰੈਲ 2026 ਤੋਂ 14 ਮਈ 2026 ਤੱਕ ਆਪਣੇ ਘਰ ਦੀ ਜਾਣਕਾਰੀ ਖੁਦ ਆਨਲਾਈਨ ਦਰਜ ਕਰ ਸਕਣਗੇ।
ਇਸ ਤੋਂ ਬਾਅਦ 15 ਮਈ 2026 ਤੋਂ 13 ਜੂਨ 2026 ਤੱਕ ਪਹਿਲਾ ਚਰਨ ‘ਹਾਊਸ ਲਿਸਟਿੰਗ’ ਦੇ ਤੌਰ ’ਤੇ ਚਲਾਇਆ ਜਾਵੇਗਾ। ਇਸ ਦੌਰਾਨ ਇਨੁਮੀਰੇਟਰ ਘਰ-ਘਰ ਜਾ ਕੇ 33 ਪ੍ਰਸ਼ਨਾਂ ਰਾਹੀਂ ਪਰਿਵਾਰਾਂ ਤੋਂ ਜਾਣਕਾਰੀ ਇਕੱਠੀ ਕਰਨਗੇ।
ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਹੱਤਵਪੂਰਨ ਸਰਕਾਰੀ ਮੁਹਿੰਮ ਵਿੱਚ ਪੂਰਾ ਸਹਿਯੋਗ ਦੇਣ, ਤਾਂ ਜੋ ਸਹੀ ਅਤੇ ਭਰੋਸੇਯੋਗ ਅੰਕੜੇ ਇਕੱਠੇ ਕੀਤੇ ਜਾ ਸਕਣ।
ਵਰਕਸ਼ਾਪ ਵਿੱਚ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ, ਉਪ ਅਰਥ ਤੇ ਅੰਕੜਾ ਸਲਾਹਕਾਰ ਜਸਵਿੰਦਰ ਕੌਰ, ਕਲਰਕ ਨਰਿੰਦਰ ਕੁਮਾਰ, ਇਨਵੈਸਟੀਗੇਟਰ ਬਿਕਰਮਜੀਤ ਸਿੰਘ, ਕੁਲਇੰਦਰਜੀਤ ਸਿੰਘ, ਰਮਨਜੀਤ ਸਿੰਘ, ਹੇਮੰਤ ਕੁਮਾਰ ਸਮੇਤ ਤਹਿਸੀਲਦਾਰਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਕਾਰਜਸਾਧਕ ਅਫਸਰਾਂ, ਚਾਰਜ ਅਫਸਰਾਂ ਦੇ ਕਲਰਕਾਂ ਅਤੇ ਤਕਨੀਕੀ ਸਹਾਇਕਾਂ ਨੇ ਭਾਗ ਲਿਆ।
Get all latest content delivered to your email a few times a month.