ਤਾਜਾ ਖਬਰਾਂ
ਚੰਡੀਗੜ੍ਹ, 5 ਮਾਰਚ, 2026:
ਪੰਜਾਬ ਦੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਅੱਜ ਮੁੰਬਈ ਵਿੱਚ ਵੱਡੇ ਉਦਯੋਗਿਕ ਘਰਾਣਿਆਂ ਨਾਲ ਲੜੀਵਾਰ ਉੱਚ-ਪੱਧਰੀ ਮੀਟਿੰਗਾਂ ਕਰ ਕੇ ਪੰਜਾਬ ਵਿੱਚ ਨਿਵੇਸ਼ ਦੇ ਸੰਭਾਵੀ ਮੌਕਿਆਂ 'ਤੇ ਚਰਚਾ ਕੀਤੀ ਅਤੇ ਉਨ੍ਹਾਂ ਨੂੰ 13-15 ਮਾਰਚ 2026 ਤੱਕ ਮੋਹਾਲੀ ਦੀ ਪਲਾਕਸ਼ਾ ਯੂਨੀਵਰਸਿਟੀ ਵਿਖੇ ਹੋਣ ਵਾਲੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਆਪਣੀ ਫੇਰੀ ਦੌਰਾਨ ਕੈਬਨਿਟ ਮੰਤਰੀ ਨੇ ਟਾਟਾ ਸੰਨਜ਼ ਦੇ ਚੇਅਰਪਰਸਨ ਐਨ. ਚੰਦਰਸ਼ੇਖਰਨ; ਸਨ ਫਾਰਮਾਸਿਊਟੀਕਲ ਇੰਡਸਟਰੀਜ਼ ਦੇ ਚੇਅਰਮੈਨ ਦਿਲੀਪ ਸ਼ੰਘਵੀ; ਟਾਟਾ ਪਾਵਰ ਦੇ ਐਮਡੀ ਅਤੇ ਸੀਈਓ ਡਾ. ਪ੍ਰਵੀਰ ਸਿਨਹਾ ਅਤੇ ਐਸਾਰ ਗਰੁੱਪ ਦੇ ਅੰਸ਼ੁਮਨ ਰੁਈਆ ਨਾਲ ਮੁਲਾਕਾਤ ਕੀਤੀ।
ਇਨ੍ਹਾਂ ਮੀਟਿੰਗਾਂ ਵਿੱਚ ਉਦਯੋਗਿਕ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਨਵਿਆਉਣਯੋਗ ਊਰਜਾ, ਫਾਰਮਾਸਿਊਟੀਕਲ, ਐਡਵਾਂਸਡ ਮੈਨੂਫੈਕਚਰਿੰਗ, ਡਿਜੀਟਲ ਬੁਨਿਆਦੀ ਢਾਂਚਾ ਅਤੇ ਗਰੀਨ ਲੌਜਿਸਟਿਕਸ ਵਰਗੇ ਖੇਤਰਾਂ ਵਿੱਚ ਨਿਵੇਸ਼ ਦੇ ਮੌਕਿਆਂ ਦੀ ਪੜਚੋਲ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ।
ਟਾਟਾ ਗਰੁੱਪ ਨਾਲ ਮੁਲਾਕਾਤ
ਟਾਟਾ ਸੰਨਜ਼ ਦੇ ਚੇਅਰਪਰਸਨ ਐਨ. ਚੰਦਰਸ਼ੇਖਰਨ ਨਾਲ ਵਿਚਾਰ-ਵਟਾਂਦਰੇ ਦੌਰਾਨ ਕੈਬਨਿਟ ਮੰਤਰੀ ਨੇ ਪੰਜਾਬ ਦੇ ਮਜ਼ਬੂਤ ਉਦਯੋਗਿਕ ਮਾਹੌਲ ਅਤੇ ਨਿਵੇਸ਼ ਤੇ ਉਦਯੋਗਿਕ ਵਿਕਾਸ ਨੂੰ ਗਤੀ ਦੇਣ ਲਈ ਸੂਬਾ ਸਰਕਾਰ ਦੀਆਂ ਉਦਯੋਗ-ਪੱਖੀ ਨੀਤੀਆਂ 'ਤੇ ਚਾਨਣਾ ਪਾਇਆ।
ਦੋਵਾਂ ਧਿਰਾਂ ਨੇ ਲੁਧਿਆਣਾ ਵਿੱਚ ਟਾਟਾ ਸਟੀਲ ਦੀ ਮੌਜੂਦਗੀ ਦੇ ਆਧਾਰ 'ਤੇ ਐਡਵਾਂਸਡ ਮੈਨੂਫੈਕਚਰਿੰਗ ਅਤੇ ਸਟੀਲ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨ ਦੇ ਮੌਕਿਆਂ 'ਤੇ ਚਰਚਾ ਕੀਤੀ। ਇਸ ਦੌਰਾਨ ਨਵਿਆਉਣਯੋਗ ਊਰਜਾ, ਇਲੈਕਟ੍ਰਿਕ ਮੋਬਿਲਟੀ ਅਤੇ ਗਲੋਬਲ ਕੈਪੇਬਿਲਟੀ ਸੈਂਟਰਜ਼ (ਜੀਸੀਸੀਜ਼) ਵਿੱਚ ਸੰਭਾਵੀ ਸਹਿਯੋਗ ਦੀ ਵੀ ਪੜਚੋਲ ਕੀਤੀ ਗਈ।
ਸ੍ਰੀ ਚੰਦਰਸ਼ੇਖਰਨ ਨੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਦੀ ਸਰਗਰਮ ਪਹੁੰਚ ਦੀ ਸ਼ਲਾਘਾ ਕੀਤੀ ਅਤੇ ਲੁਧਿਆਣਾ ਵਿੱਚ ਟਾਟਾ ਸਟੀਲ ਫੈਸਿਲਟੀ ਦੀ ਪ੍ਰਗਤੀ 'ਤੇ ਸੰਤੁਸ਼ਟੀ ਜ਼ਾਹਰ ਕੀਤੀ।
ਸਨ ਫਾਰਮਾ ਨਾਲ ਮੁਲਾਕਾਤ
ਸਨ ਫਾਰਮਾਸਿਊਟੀਕਲ ਇੰਡਸਟਰੀਜ਼ ਦੇ ਚੇਅਰਮੈਨ ਦਿਲੀਪ ਸ਼ੰਘਵੀ ਅਤੇ ਹੋਲ-ਟਾਈਮ ਡਾਇਰੈਕਟਰ ਤੇ ਸੀਓਓ ਆਲੋਕ ਸ਼ੰਘਵੀ ਨਾਲ ਆਪਣੀ ਮੁਲਾਕਾਤ ਵਿੱਚ ਕੈਬਨਿਟ ਮੰਤਰੀ ਨੇ ਫਾਰਮਾਸਿਊਟੀਕਲ, ਹੈਲਥਕੇਣਰ ਇਨੋਵੇਸ਼ਨ ਅਤੇ ਲਾਈਫ਼ ਸਾਇੰਸਜ਼ ਦੇ ਹੱਬ ਵਜੋਂ ਪੰਜਾਬ ਦੀ ਸਥਿਤੀ ਨੂੰ ਮਜ਼ਬੂਤ ਬਣਾਉਣ ਮੌਕਿਆਂ 'ਤੇ ਚਰਚਾ ਕੀਤੀ।
ਵਿਚਾਰ-ਵਟਾਂਦਰੇ ਦੌਰਾਨ ਫਾਰਮਾਸਿਊਟੀਕਲ ਮੈਨੂਫੈਕਚਰਿੰਗ ਅਤੇ ਫਾਰਮੂਲੇਸ਼ਨ ਸਹੂਲਤਾਂ ਦੇ ਵਿਸਥਾਰ, ਏਪੀਆਈ ਅਤੇ ਥੋਕ ਡਰੱਗ ਉਤਪਾਦਨ ਵਿੱਚ ਨਿਵੇਸ਼, ਫਾਰਮਾਸਿਊਟੀਕਲ ਵਿਸ਼ਲੇਸ਼ਣ ਤੇ ਰੈਗੂਲੇਟਰੀ ਸੇਵਾਵਾਂ ਲਈ ਗਲੋਬਲ ਕੈਪੇਬਿਲਟੀ ਸੈਂਟਰਾਂ ਦੀ ਸਥਾਪਨਾ ਅਤੇ ਪੰਜਾਬ ਦੇ ਮਜ਼ਬੂਤ ਖੇਤੀਬਾੜੀ ਮਾਹੌਲ ਦਾ ਲਾਭ ਉਠਾਉਂਦਿਆਂ ਨਿਊਟਰਾਸਿਊਟੀਕਲ ਅਤੇ ਵੈਲਨੈੱਸ ਸੈਂਗਮੈਂਟਸ ਦੇ ਵਿਕਾਸ 'ਤੇ ਚਰਚਾ ਕੀਤੀ ਗਈ ।
ਸਨ ਫਾਰਮਾ ਲੀਡਰਸ਼ਿਪ ਨੇ ਰਾਜ ਸਰਕਾਰ ਦੀਆਂ ਉਦਯੋਗ-ਪੱਖੀ ਨੀਤੀਆਂ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਵਿੱਚ ਭਵਿੱਖ ਦੀਆਂ ਭਾਈਵਾਲੀਆਂ ਅਤੇ ਨਿਵੇਸ਼ ਦੀ ਪੜਚੋਲ ਵਿੱਚ ਦਿਲਚਸਪੀ ਪ੍ਰਗਟਾਈ।ਟਾਟਾ ਪਾਵਰ ਨਾਲ ਮੀਟਿੰਗ
ਮੰਤਰੀ ਨੇ ਟਾਟਾ ਪਾਵਰ ਦੇ ਐਮਡੀ ਅਤੇ ਸੀਈਓ ਡਾ. ਪ੍ਰਵੀਰ ਸਿਨਹਾ ਨਾਲ ਵੀ ਮੁਲਾਕਾਤ ਕੀਤੀ, ਜਿਸ ਵਿੱਚ ਕੰਪਨੀ ਦੀ ਸੀਨੀਅਰ ਲੀਡਰਸ਼ਿਪ ਨੇ ਸਾਫ਼ ਊਰਜਾ ਅਤੇ ਬਿਜਲੀ ਬੁਨਿਆਦੀ ਢਾਂਚੇ ਸਬੰਧੀ ਖੇਤਰਾਂ ਵਿੱਚ ਸਹਿਯੋਗ ਬਾਰੇ ਚਰਚਾ ਕੀਤੀ।
ਇਸ ਮੀਟਿੰਗ ਦੌਰਾਨ ਉਪਯੋਗਤਾ-ਪੈਮਾਨੇ ਦੇ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਦਾ ਵਿਕਾਸ, ਛੱਤ 'ਤੇ ਸੋਲਰ ਪਲਾਂਟ ਲਗਾਉਣਾ, ਟਿਕਾਊ ਖੇਤੀਬਾੜੀ ਨੂੰ ਸਮਰਥਨ ਦੇਣ ਅਤੇ ਕਿਸਾਨਾਂ ਲਈ ਬਿਜਲੀ ਦੀਆਂ ਲਾਗਤਾਂ ਨੂੰ ਘਟਾਉਣ ਲਈ ਐਗਰੀ-ਸੋਲਰਾਈਜੇਸ਼ਨ ਪਹਿਲ ਅਤੇ ਰਾਜ ਭਰ ਵਿੱਚ ਇਲੈਕਟ੍ਰਿਕ ਵਾਹਨ ਚਾਰਜਿੰਗ ਬੁਨਿਆਦੀ ਢਾਂਚੇ ਦਾ ਵਿਸਥਾਰ ਕਰਨਾ ਸ਼ਾਮਲ ਸੀ।
ਟਾਟਾ ਪਾਵਰ ਨੇ ਪੰਜਾਬ ਵਿੱਚ ਆਪਣੀ ਮੌਜੂਦਾ ਸਥਿਤੀ ਨੂੰ ਉਜਾਗਰ ਕੀਤਾ, ਜਿਸ ਵਿੱਚ ਲਗਭਗ 100 ਮੈਗਾਵਾਟ ਸਮਰੱਥਾ ਵਾਲੀ ਸੂਰਜੀ ਊਰਜਾ ਸਹੂਲਤ ਸ਼ਾਮਲ ਹੈ, ਜੋ ਕਿ ਰਾਜ ਦੇ ਨਵਿਆਉਣਯੋਗ ਊਰਜਾ ਵਾਤਾਵਰਣ ਪ੍ਰਣਾਲੀ ਪ੍ਰਤੀ ਕੰਪਨੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਐਸਾਰ ਗਰੁੱਪ ਨਾਲ ਮੁਲਾਕਾਤ
ਐਸਾਰ ਗਰੁੱਪ ਦੇ ਡਾਇਰੈਕਟਰ ਅੰਸ਼ੁਮਨ ਰੁਈਆ ਨਾਲ ਇੱਕ ਹੋਰ ਮੀਟਿੰਗ ਵਿੱਚ ਐਸਾਰ ਗਰੁੱਪ ਦੇ ਪੰਜਾਬ ਦੇ ਉੱਭਰ ਰਹੇ ਉਦਯੋਗਿਕ ਵਾਤਾਵਰਣ ਨੂੰ ਹੋਰ ਮਜ਼ਬੂਤ ਕਰਨ ਅਤੇ ਉੱਭਰ ਰਹੇ ਖੇਤਰਾਂ ਵਿੱਚ ਮੌਕਿਆਂ ਦੀ ਪੜਚੋਲ ਕਰਨ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਸਹਿਯੋਗ ਦੇ ਸੰਭਾਵੀ ਖੇਤਰਾਂ ਵਿੱਚ ਹਰੀ ਊਰਜਾ ਅਤੇ ਉਦਯੋਗਿਕ ਡੀਕਾਰਬੋਨਾਈਜ਼ੇਸ਼ਨ ਪਹਿਲਕਦਮੀਆਂ, ਮੋਹਾਲੀ-ਚੰਡੀਗੜ੍ਹ ਕੋਰੀਡੋਰ ਵਿੱਚ ਡੇਟਾ ਸੈਂਟਰਾਂ ਅਤੇ ਡਿਜੀਟਲ ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਐਸਾਰ ਦੇ ਗ੍ਰੀਨਲਾਈਨ ਮੋਬਿਲਿਟੀ ਸਲਿਊਸ਼ਨਜ਼ ਰਾਹੀਂ ਵਿਕਲਪਕ ਫਿਊਲ ਲੌਜਿਸਟਿਕਸ ਦਾ ਵਿਸਥਾਰ ਸ਼ਾਮਲ ਸੀ। ਮੀਟਿੰਗ ਵਿੱਚ ਐਸਾਰ ਗਰੁੱਪ ਦੀ ਤਕਨਾਲੋਜੀ ਸ਼ਾਖਾ ਬਲੈਕ ਬਾਕਸ ਲਿਮਟਿਡ ਰਾਹੀਂ ਪ੍ਰਬੰਧਿਤ ਆਈਟੀ ਅਤੇ ਡਿਜੀਟਲ ਬੁਨਿਆਦੀ ਢਾਂਚਾ ਸੇਵਾਵਾਂ ਲਈ ਸੰਭਾਵਨਾਵਾਂ ਦੀ ਵੀ ਪੜਚੋਲ ਕੀਤੀ ਗਈ।
ਨਿਵੇਸ਼ ਨੂੰ ਹੋਰ ਮਜ਼ਬੂਤ ਕਰਨਾ
ਇਹਨਾਂ ਮੀਟਿੰਗਾਂ ਤੋਂ ਬਾਅਦ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਆਗਾਮੀ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਪੰਜਾਬ ਦੀ ਨਿਵੇਸ਼ ਸੰਭਾਵਨਾ ਨੂੰ ਪ੍ਰਦਰਸ਼ਿਤ ਕਰਨ ਅਤੇ ਵਿਸ਼ਵਵਿਆਪੀ ਕੰਪਨੀਆਂ ਨੂੰ ਰਾਜ ਵਿੱਚ ਉੱਭਰ ਰਹੇ ਮੌਕਿਆਂ ਨਾਲ ਜੋੜਨ ਲਈ ਇੱਕ ਪ੍ਰਮੁੱਖ ਪਲੇਟਫਾਰਮ ਵਜੋਂ ਕੰਮ ਕਰੇਗਾ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮਾਣਯੋਗ ਰਾਸ਼ਟਰੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇੱਕ ਸਮਰੱਥ ਅਤੇ ਉਦਯੋਗ-ਪੱਖੀ ਮਾਹੌਲ ਸਿਰਜਣ ਲਈ ਵਚਨਬੱਧ ਹੈ ਜੋ ਨਵੀਨਤਾ, ਨਿਰਮਾਣ ਅਤੇ ਟਿਕਾਊ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ।
ਨਵੇਂ ਉਦਯੋਗ ਦਿੱਗਜ਼ਾਂ ਨੇ ਹਾਲ ਹੀ ਵਿੱਚ ਪੰਜਾਬ ‘ਚ ਨਿਵੇਸ਼ ਲਈ ਸਰਕਾਰ ਵੱਲੋਂ ਦਿੱਤੀਆਂ ਸਹੂਲਤਾਂ ਦੀ ਸ਼ਲਾਘਾ ਕੀਤੀ ਅਤੇ ਰਾਜ ਵਿੱਚ ਭਵਿੱਖੀ ਭਾਈਵਾਲੀ ਅਤੇ ਨਿਵੇਸ਼ ਦੇ ਮੌਕਿਆਂ ਦੀ ਪੜਚੋਲ ਕਰਦਿਆਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਵਿੱਚ ਹਿੱਸਾ ਲੈਣ ਵਿੱਚ ਡੂੰਘੀ ਦਿਲਚਸਪੀ ਪ੍ਰਗਟਾਈ।
Get all latest content delivered to your email a few times a month.