ਤਾਜਾ ਖਬਰਾਂ
ਪੰਜਾਬ ਵਿੱਚ ਕਾਨੂੰਨ-ਵਿਵਸਥਾ ਨੂੰ ਲੈ ਕੇ ਚਿੰਤਾਵਾਂ ਦਰਮਿਆਨ ਗੁਰਦਾਸਪੁਰ ਤੋਂ ਇੱਕ ਵੱਡੀ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਸ਼ਹਿਰ ਦੇ ਪ੍ਰਸਿੱਧ ਜਵੈਲਰ ਵਰੁਣ ਮਹਾਜਨ ਦੇ ਘਰ ਸਵੇਰੇ ਕਰੀਬ 8 ਵਜੇ ਪੰਜ ਹਥਿਆਰਬੰਦ ਲੁਟੇਰੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਦਾਖਲ ਹੋਏ ਅਤੇ ਪਰਿਵਾਰ ਨੂੰ ਬੰਦਕ ਬਣਾ ਕੇ ਲਗਭਗ 7 ਕਰੋੜ ਰੁਪਏ ਦੀ ਲੁੱਟ ਕਰਕੇ ਫਰਾਰ ਹੋ ਗਏ।
ਪਰਿਵਾਰ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਘਟਨਾ ਉਸ ਸਮੇਂ ਵਾਪਰੀ ਜਦੋਂ ਘਰ ਦਾ ਡਰਾਈਵਰ ਸਰਬਜੀਤ ਸਿੰਘ ਬਾਹਰ ਕਾਰਾਂ ਸਾਫ ਕਰ ਰਿਹਾ ਸੀ। ਇਸ ਦੌਰਾਨ ਨਿਹੰਗ ਬਾਣੇ ਵਿੱਚ ਆਏ ਪੰਜ ਵਿਅਕਤੀਆਂ ਨੇ ਉਸ ਨਾਲ ਗੱਲਬਾਤ ਕੀਤੀ। ਜਦੋਂ ਡਰਾਈਵਰ ਘਰ ਅੰਦਰ ਮਾਲਕ ਨੂੰ ਸੂਚਿਤ ਕਰਨ ਲਈ ਗਿਆ, ਤਾਂ ਲੁਟੇਰੇ ਉਸ ਦੇ ਪਿੱਛੇ-ਪਿੱਛੇ ਘਰ ਵਿੱਚ ਦਾਖਲ ਹੋ ਗਏ।
ਘਰ ਅੰਦਰ ਦਾਖਲ ਹੋਣ ਉਪਰੰਤ ਦੋ ਲੁਟੇਰਿਆਂ ਨੇ ਜਵੈਲਰ ਦੀ ਪਤਨੀ ਨੇਹਾ ਮਹਾਜਨ ਦੇ ਸਿਰ 'ਤੇ ਪਿਸਤੌਲ ਤਾਣ ਦਿੱਤੀ ਅਤੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਇਕੱਠਾ ਕਰ ਲਿਆ। ਬਾਅਦ ਵਿੱਚ ਉਨ੍ਹਾਂ ਨੇ ਪਰਿਵਾਰ ਨੂੰ ਵੱਖ-ਵੱਖ ਕਮਰਿਆਂ ਵਿੱਚ ਬੰਦ ਕਰ ਦਿੱਤਾ। ਡਰਾਈਵਰ ਸਰਬਜੀਤ ਸਿੰਘ ਨੂੰ ਇੱਕ ਕਮਰੇ ਵਿੱਚ, ਨੇਹਾ ਮਹਾਜਨ ਅਤੇ ਉਸਦੇ ਦੋ ਬੱਚਿਆਂ—ਕ੍ਰਿਸ਼ ਅਤੇ ਸ਼ਿਖਰ—ਨੂੰ ਦੂਜੇ ਕਮਰੇ ਵਿੱਚ, ਜਦਕਿ ਵਰੁਣ ਮਹਾਜਨ ਨੂੰ ਅਲੱਗ ਕਮਰੇ ਵਿੱਚ ਬੰਦ ਕੀਤਾ ਗਿਆ। ਲੁਟੇਰਿਆਂ ਨੇ ਘਰ ਦੀਆਂ ਸਾਰੀਆਂ ਚਾਬੀਆਂ ਕਬਜ਼ੇ ਵਿੱਚ ਕਰ ਲਈਆਂ ਅਤੇ ਬੱਚਿਆਂ ਨੂੰ ਜਾਨੋਂ ਮਾਰਣ ਦੀ ਧਮਕੀ ਦਿੱਤੀ।
ਇਸ ਤੋਂ ਬਾਅਦ ਮੁਲਜ਼ਮਾਂ ਨੇ ਘਰ ਵਿੱਚੋਂ ਸਾਰਾ ਸੋਨਾ ਅਤੇ ਨਕਦੀ ਇਕੱਠੀ ਕਰ ਲਈ। ਪਰਿਵਾਰ ਦਾ ਦਾਅਵਾ ਹੈ ਕਿ ਕੁੱਲ ਲੁੱਟੀ ਗਈ ਰਕਮ ਲਗਭਗ 7 ਕਰੋੜ ਰੁਪਏ ਦੇ ਬਰਾਬਰ ਹੈ। ਭੱਜਣ ਤੋਂ ਪਹਿਲਾਂ ਲੁਟੇਰੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਨਾਲ ਲੈ ਗਏ ਅਤੇ ਪਰਿਵਾਰ ਦੀ ਹੀ ਕਾਰ ਵਿੱਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਡੀਐਸਪੀ ਤਰਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਨੇੜਲੇ ਇਲਾਕਿਆਂ ਦੇ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦੋਸ਼ੀਆਂ ਦੀ ਪਹਿਚਾਣ ਕਰਨ ਲਈ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Get all latest content delivered to your email a few times a month.