ਤਾਜਾ ਖਬਰਾਂ
ਭਾਰਤ-ਪਾਕਿਸਤਾਨ ਸਰਹੱਦ 'ਤੇ ਤਾਇਨਾਤ ਸਰਹੱਦੀ ਸੁਰੱਖਿਆ ਬਲ (BSF) ਦੇ ਚੌਕਸ ਜਵਾਨਾਂ ਨੇ ਨਸ਼ਾ ਤਸਕਰੀ ਦੀ ਇੱਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਇੱਕ ਪਾਕਿਸਤਾਨੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਤੜਕਸਾਰ ਹੋਈ ਇਸ ਕਾਰਵਾਈ ਦੌਰਾਨ ਜਵਾਨਾਂ ਨੇ ਘੁਸਪੈਠੀਏ ਦੇ ਕਬਜ਼ੇ ਵਿੱਚੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।
ਹਰਭਜਨ ਚੌਕੀ ਨੇੜੇ ਦਬੋਚਿਆ ਘੁਸਪੈਠੀਆ
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਸਫਲਤਾ ਬੀਐਸਐਫ ਦੀ 142ਵੀਂ ਬਟਾਲੀਅਨ ਦੇ ਹੱਥ ਲੱਗੀ ਹੈ। ਖੇਮਕਰਨ ਸੈਕਟਰ ਵਿੱਚ ਪੈਂਦੀ ਹਰਭਜਨ ਚੌਕੀ 'ਤੇ ਤਾਇਨਾਤ ਜਵਾਨਾਂ ਨੇ ਸਵੇਰੇ ਤੜਕੇ ਕੌਮਾਂਤਰੀ ਸਰਹੱਦ ਨੇੜੇ ਸ਼ੱਕੀ ਹਲਚਲ ਦੇਖੀ। ਜਦੋਂ ਇੱਕ ਵਿਅਕਤੀ ਭਾਰਤੀ ਖੇਤਰ ਵਿੱਚ ਦਾਖਲ ਹੋਇਆ, ਤਾਂ ਜਵਾਨਾਂ ਨੇ ਉਸ ਨੂੰ ਚੁਣੌਤੀ ਦਿੱਤੀ ਅਤੇ ਘੇਰਾਬੰਦੀ ਕਰਕੇ ਮੌਕੇ 'ਤੇ ਹੀ ਕਾਬੂ ਕਰ ਲਿਆ।
10 ਪੈਕੇਟ ਹੈਰੋਇਨ ਹੋਣ ਦਾ ਦਾਅਵਾ
ਸੂਤਰਾਂ ਦੇ ਹਵਾਲੇ ਤੋਂ ਖ਼ਬਰ ਮਿਲੀ ਹੈ ਕਿ ਫੜੇ ਗਏ ਨੌਜਵਾਨ ਕੋਲੋਂ 10 ਪੈਕੇਟ ਹੈਰੋਇਨ ਬਰਾਮਦ ਹੋਈ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਹਾਲਾਂਕਿ, ਬੀਐਸਐਫ ਦੇ ਉੱਚ ਅਧਿਕਾਰੀਆਂ ਵੱਲੋਂ ਨਸ਼ੇ ਦੀ ਮਾਤਰਾ ਬਾਰੇ ਅਧਿਕਾਰਤ ਪੁਸ਼ਟੀ ਹੋਣੀ ਅਜੇ ਬਾਕੀ ਹੈ।
ਮੁਲਜ਼ਮ ਦੀ ਪਛਾਣ: ਫੜੇ ਗਏ ਨੌਜਵਾਨ ਦੀ ਪਛਾਣ 20 ਸਾਲਾ ਅਬੂ ਬਕਰ ਉਰਫ਼ ਮੰਨੂ ਵਜੋਂ ਹੋਈ ਹੈ, ਜੋ ਪਾਕਿਸਤਾਨ ਦੇ ਜ਼ਿਲ੍ਹਾ ਕਸੂਰ ਦੇ ਪਿੰਡ ਚਟਨਵਾਲ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
NCB ਦੇ ਹਵਾਲੇ ਕੀਤਾ ਜਾਵੇਗਾ ਤਸਕਰ
ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਸਰਹੱਦ ਦੇ ਇਸ ਪਾਰ ਇਹ ਖੇਪ ਕਿਸ ਨੂੰ ਸੌਂਪੀ ਜਾਣੀ ਸੀ। ਜਾਣਕਾਰੀ ਅਨੁਸਾਰ, ਬੀਐਸਐਫ ਹੁਣ ਇਸ ਮਾਮਲੇ ਦੀ ਅਗਲੀ ਜਾਂਚ ਲਈ ਮੁਲਜ਼ਮ ਅਤੇ ਬਰਾਮਦ ਕੀਤੀ ਗਈ ਹੈਰੋਇਨ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੇ ਹਵਾਲੇ ਕਰਨ ਦੀ ਤਿਆਰੀ ਕਰ ਰਹੀ ਹੈ।
ਸਰਹੱਦ 'ਤੇ ਵਧਦੀ ਧੁੰਦ ਅਤੇ ਤਣਾਅਪੂਰਨ ਹਾਲਾਤਾਂ ਦੇ ਬਾਵਜੂਦ ਬੀਐਸਐਫ ਦੀ ਇਸ ਚੌਕਸੀ ਨੇ ਤਸਕਰਾਂ ਦੇ ਹੌਸਲੇ ਪਸਤ ਕਰ ਦਿੱਤੇ ਹਨ।
Get all latest content delivered to your email a few times a month.