ਤਾਜਾ ਖਬਰਾਂ
ਇਜ਼ਰਾਈਲ ਦੇ ਹਮਲਿਆਂ ਵਿੱਚ ਇਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖ਼ਾਮੇਨੇਈ ਦੀ ਮੌਤ ਤੋਂ ਬਾਅਦ ਪੂਰੇ ਮਿਡਲ ਈਸਟ (ਮੱਧ ਪੂਰਬ) ਵਿੱਚ ਜੰਗ ਦੀ ਅੱਗ ਫੈਲ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਸੰਯੁਕਤ ਰਾਜ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ 'ਆਪ੍ਰੇਸ਼ਨ ਐਪਿਕ ਫਿਊਰੀ' (Operation Epic Fury) ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਮੁਤਾਬਕ ਇਹ ਹੁਣ ਤੱਕ ਦਾ ਦੁਨੀਆ ਦਾ ਸਭ ਤੋਂ ਵੱਡਾ, ਸਭ ਤੋਂ ਗੁੰਝਲਦਾਰ ਅਤੇ ਸ਼ਕਤੀਸ਼ਾਲੀ ਫੌਜੀ ਅਭਿਆਨ ਹੈ।
ਇਸ ਦੌਰਾਨ ਇਰਾਨ ਵੱਲੋਂ ਇਜ਼ਰਾਈਲ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲਾਂ ਦਾਗੀਆਂ ਗਈਆਂ ਹਨ। ਇਰਾਨ ਨੇ ਰਿਆਦ ਸਥਿਤ ਅਮਰੀਕੀ ਦੂਤਾਵਾਸ 'ਤੇ ਵੀ ਵੱਡਾ ਡਰੋਨ ਹਮਲਾ ਕੀਤਾ ਹੈ, ਜਿਸ ਤੋਂ ਰਾਸ਼ਟਰਪਤੀ ਟਰੰਪ ਬੇਹੱਦ ਗੁੱਸੇ ਵਿੱਚ ਹਨ। ਉਨ੍ਹਾਂ ਨੇ ਇਰਾਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਇਸ ਦਾ ਅੰਜਾਮ ਜਲਦੀ ਹੀ ਪਤਾ ਲੱਗ ਜਾਵੇਗਾ।
ਨਿਊਯਾਰਕ ਦੀਆਂ ਸੜਕਾਂ 'ਤੇ ਪ੍ਰਦਰਸ਼ਨ
ਇਰਾਨ 'ਤੇ ਕੀਤੇ ਗਏ ਹਮਲੇ ਦੇ ਵਿਰੋਧ 'ਚ ਵੱਡੀ ਗਿਣਤੀ 'ਚ ਲੋਕ ਨਿਊਯਾਰਕ ਦੀਆਂ ਸੜਕਾਂ 'ਤੇ ਉਤਰ ਆਏ ਹਨ। ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿੱਚ ਇਰਾਨ ਦੇ ਝੰਡੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਜੰਗ ਦੀ ਨਹੀਂ, ਸਗੋਂ ਪੈਸੇ ਅਤੇ ਸਹੂਲਤਾਂ ਦੀ ਲੋੜ ਹੈ।
ਵੱਖ-ਵੱਖ ਪੱਖਾਂ ਦੇ ਬਿਆਨ
ਇਰਾਨੀ ਵਿਦੇਸ਼ ਮੰਤਰੀ: ਅੱਬਾਸ ਅਰਾਘਚੀ ਨੇ ਕਿਹਾ ਕਿ ਅਮਰੀਕਾ ਇਜ਼ਰਾਈਲ ਦੀ ਖ਼ਾਤਰ ਇੱਕ ਚੋਣਵੀਂ ਜੰਗ ਵਿੱਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਰਾਨ ਤੋਂ ਕਦੇ ਕੋਈ ਖ਼ਤਰਾ ਨਹੀਂ ਸੀ, ਇਸ ਖੂਨ-ਖ਼ਰਾਬੇ ਦੀ ਜ਼ਿੰਮੇਵਾਰੀ ਅਮਰੀਕੀ ਪ੍ਰਸ਼ਾਸਨ 'ਤੇ ਹੈ।
ਜੇਡੀ ਵੈਂਸ (ਅਮਰੀਕੀ ਉਪ-ਰਾਸ਼ਟਰਪਤੀ): ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਇਰਾਨ ਨੂੰ ਪਰਮਾਣੂ ਹਥਿਆਰਾਂ ਤੋਂ ਰਹਿਤ ਨਹੀਂ ਕਰ ਦਿੱਤਾ ਜਾਂਦਾ, ਰਾਸ਼ਟਰਪਤੀ ਟਰੰਪ ਚੈਨ ਨਾਲ ਨਹੀਂ ਬੈਠਣਗੇ।
ਨਾਟੋ ਦੇ ਸੈਕਟਰੀ ਜਨਰਲ ਮਾਰਕ ਰੂਟੇ ਨੇ ਸਾਫ਼ ਕਰ ਦਿੱਤਾ ਹੈ ਕਿ ਨਾਟੋ ਗੱਠਜੋੜ ਮੱਧ ਪੂਰਬ ਦੀ ਇਸ ਲੜਾਈ ਵਿੱਚ ਸ਼ਾਮਲ ਨਹੀਂ ਹੋਵੇਗਾ।
ਕਤਰ ਦਾ ਵੱਡਾ ਦਾਅਵਾ
ਵਧਦੇ ਤਣਾਅ ਦੇ ਵਿਚਕਾਰ ਕਤਰ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਹਵਾਈ ਸੈਨਾ ਨੇ ਇਰਾਨ ਤੋਂ ਆ ਰਹੇ ਦੋ ਲੜਾਕੂ ਜਹਾਜ਼ਾਂ ਨੂੰ ਆਪਣੀ ਹਵਾਈ ਸੀਮਾ ਵਿੱਚ ਮਾਰ ਗਿਰਾਇਆ ਹੈ। ਇਸ ਤੋਂ ਇਲਾਵਾ, ਕਤਰ ਦੇ ਏਅਰ ਡਿਫੈਂਸ ਸਿਸਟਮ ਨੇ ਇਰਾਨ ਵੱਲੋਂ ਛੱਡੀਆਂ ਗਈਆਂ ਸੱਤ ਬੈਲਿਸਟਿਕ ਮਿਜ਼ਾਈਲਾਂ ਅਤੇ ਪੰਜ ਡਰੋਨਾਂ ਨੂੰ ਵੀ ਨਿਸ਼ਾਨੇ 'ਤੇ ਪਹੁੰਚਣ ਤੋਂ ਪਹਿਲਾਂ ਹੀ ਤਬਾਹ ਕਰ ਦਿੱਤਾ।
ਟਰੰਪ ਦਾ ਸਖ਼ਤ ਰੁਖ
ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਫੌਜੀ ਕਾਰਵਾਈ ਪੂਰੀ ਤਾਕਤ ਨਾਲ ਜਾਰੀ ਹੈ ਅਤੇ ਇਹ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਾਰੇ ਮਕਸਦ ਪੂਰੇ ਨਹੀਂ ਹੋ ਜਾਂਦੇ। ਉਨ੍ਹਾਂ ਕਿਹਾ ਕਿ ਅਮਰੀਕਾ ਆਪਣੇ ਸੈਨਿਕਾਂ ਦੀ ਮੌਤ ਦਾ ਬਦਲਾ ਲਵੇਗਾ ਅਤੇ ਉਨ੍ਹਾਂ ਅੱਤਵਾਦੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ ਜਿਨ੍ਹਾਂ ਨੇ ਦੁਨੀਆ ਵਿਰੁੱਧ ਜੰਗ ਛੇੜੀ ਹੈ। ਦੂਜੇ ਪਾਸੇ, ਇਰਾਨ ਨੇ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਪਿਛਲੇ 24 ਘੰਟਿਆਂ ਵਿੱਚ 15 ਤੋਂ ਵੱਧ ਦੇਸ਼ਾਂ ਵਿੱਚ ਸਥਿਤ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ।
Get all latest content delivered to your email a few times a month.