IMG-LOGO
ਹੋਮ ਪੰਜਾਬ: ਬਠਿੰਡਾ 'ਚ ਵਾਪਰੀ ਬੇਅਦਬੀ ਦੀ ਘਟਨਾ: ਗੁਰਦੁਆਰਾ ਸ਼ਹੀਦ ਬਾਬਾ ਦੀਪ...

ਬਠਿੰਡਾ 'ਚ ਵਾਪਰੀ ਬੇਅਦਬੀ ਦੀ ਘਟਨਾ: ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਬਾਹਰ ਮਿਲੇ ਗੁਟਕਾ ਸਾਹਿਬ ਦੇ ਅੰਗ

Admin User - Mar 02, 2026 08:51 PM
IMG

ਬਠਿੰਡਾ ਦੇ ਦੀਪ ਸਿੰਘ ਨਗਰ ਇਲਾਕੇ ਵਿੱਚ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਬਾਹਰ ਪਵਿੱਤਰ ਗੁਟਕਾ ਸਾਹਿਬ ਦੇ ਅੰਗ ਖਿਲਰੇ ਮਿਲਣ ਨਾਲ ਇਲਾਕੇ ਵਿੱਚ ਗੰਭੀਰ ਚਿੰਤਾ ਦਾ ਮਾਹੌਲ ਬਣ ਗਿਆ। ਘਟਨਾ ਦਾ ਪਤਾ ਲੱਗਣ ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਮੌਕੇ ‘ਤੇ ਪਹੁੰਚ ਕੇ ਮਰਿਆਦਾ ਅਨੁਸਾਰ ਅੰਗ ਇਕੱਠੇ ਕਰਕੇ ਗੁਰਦੁਆਰਾ ਸਾਹਿਬ ਅੰਦਰ ਸੰਭਾਲ ਕੇ ਰੱਖ ਦਿੱਤੇ ਗਏ।

ਜਾਣਕਾਰੀ ਮੁਤਾਬਕ 28 ਫਰਵਰੀ ਸਵੇਰੇ ਸੰਗਤ ਵਿੱਚੋਂ ਇੱਕ ਵਿਅਕਤੀ ਨੇ ਗਲੀ ਵਿੱਚ ਪਏ ਅੰਗਾਂ ਬਾਰੇ ਗ੍ਰੰਥੀ ਨੂੰ ਦੱਸਿਆ, ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਗਈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕੈਨਾਲ ਥਾਣਾ ਪੁਲਿਸ ਨੇ ਅਗਿਆਤ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ।

ਇਸ ਦੌਰਾਨ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਵੀ ਬਠਿੰਡਾ ਪਹੁੰਚੇ ਅਤੇ ਪ੍ਰਬੰਧਕਾਂ ਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਪੜਤਾਲ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੀ ਸ਼ਾਮਲ ਹੈ।

ਧਾਰਮਿਕ ਆਗੂਆਂ ਨੇ ਚਿੰਤਾ ਜਤਾਈ ਕਿ ਅਜਿਹੀਆਂ ਘਟਨਾਵਾਂ ਨਾਲ ਸਮਾਜਿਕ ਸਾਂਝ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇਸ ਲਈ ਸੰਗਤ ਅਤੇ ਜਥੇਬੰਦੀਆਂ ਨੂੰ ਸਚੇਤ ਰਹਿਣ ਦੀ ਲੋੜ ਹੈ। ਪੁਲਿਸ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.