ਤਾਜਾ ਖਬਰਾਂ
ਗੁਰਦਾਸਪੁਰ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਸੰਭਾਲ ਕੇ ਰੱਖੀ ਇੱਕ ਔਰਤ ਦੀ ਲਾਸ਼ ਖਰਾਬ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਹਸਪਤਾਲ ਪ੍ਰਬੰਧਨ ਖ਼ਿਲਾਫ਼ ਤਿੱਖਾ ਰੋਸ ਜਤਾਇਆ। ਪਰਿਵਾਰ ਦੇ ਮੁਤਾਬਕ ਲਾਸ਼ ਨੂੰ 24 ਫਰਵਰੀ ਦੀ ਰਾਤ ਮੋਰਚਰੀ ਦੇ ਫ੍ਰੀਜ਼ਰ ਵਿੱਚ ਰੱਖਿਆ ਗਿਆ ਸੀ, ਪਰ ਦੋ ਦਿਨ ਬਾਅਦ ਜਦੋਂ ਉਹ ਲੈਣ ਪਹੁੰਚੇ ਤਾਂ ਲਾਸ਼ ਬੁਰੀ ਤਰ੍ਹਾਂ ਸੜ ਚੁੱਕੀ ਸੀ ਅਤੇ ਚਿਹਰਾ ਵੀ ਪਛਾਣ ਤੋਂ ਬਾਹਰ ਸੀ।
ਮ੍ਰਿਤਕ ਦੇ ਪਤੀ ਗੁਰਮੁਖ ਸਿੰਘ (ਪਿੰਡ ਕੋਟ) ਨੇ ਦੱਸਿਆ ਕਿ ਉਸਦੀ ਪਤਨੀ ਦੀ ਮੌਤ ਸੜਕ ਹਾਦਸੇ ਵਿੱਚ ਹੋਈ ਸੀ ਅਤੇ ਬੱਚੇ ਵਿਦੇਸ਼ ਵਿੱਚ ਰਹਿੰਦੇ ਹੋਣ ਕਰਕੇ ਲਾਸ਼ ਕੁਝ ਦਿਨ ਮੋਰਚਰੀ ਵਿੱਚ ਰੱਖਣੀ ਪਈ। ਉਨ੍ਹਾਂ ਦੋਸ਼ ਲਗਾਇਆ ਕਿ ਲਾਸ਼ ਜਮ੍ਹਾਂ ਕਰਵਾਉਣ ਸਮੇਂ ਉਨ੍ਹਾਂ ਨੇ ਫ੍ਰੀਜ਼ਰ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਸੀ, ਪਰ ਸਟਾਫ ਨੇ ਮਨਜ਼ੂਰੀ ਨਹੀਂ ਦਿੱਤੀ।
ਪਰਿਵਾਰ ਨੇ ਦਾਅਵਾ ਕੀਤਾ ਕਿ ਜਦੋਂ ਉਹ ਇੱਕ ਦਿਨ ਪਹਿਲਾਂ ਵੀ ਮਸ਼ੀਨਾਂ ਦੀ ਕਾਰਗੁਜ਼ਾਰੀ ਬਾਰੇ ਪੁੱਛਣ ਗਏ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਸਭ ਕੁਝ ਠੀਕ ਹੈ। ਪਰ ਅਸਲ ਵਿੱਚ ਫ੍ਰੀਜ਼ਰ ਅੰਦਰੋਂ ਠੰਢਾ ਨਹੀਂ ਕਰ ਰਿਹਾ ਸੀ, ਜਿਸ ਕਾਰਨ ਲਾਸ਼ ਖਰਾਬ ਹੋ ਗਈ।
ਇਸ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕਰਕੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।
ਮੌਕੇ ’ਤੇ ਪਹੁੰਚੇ ਮੈਡੀਕਲ ਅਫ਼ਸਰ ਡਾ. ਸੁਖਦੀਪ ਸਿੰਘ ਨੇ ਕਿਹਾ ਕਿ ਫ੍ਰੀਜ਼ਰ ਵਿੱਚ ਤਕਨੀਕੀ ਖਰਾਬੀ ਆ ਗਈ ਸੀ। ਉਨ੍ਹਾਂ ਦੇ ਅਨੁਸਾਰ ਮਸ਼ੀਨ ਬਾਹਰੋਂ ਚੱਲਦੀ ਹੋਈ ਦਿਖਾਈ ਦੇ ਰਹੀ ਸੀ ਪਰ ਅੰਦਰੂਨੀ ਤਕਨੀਕੀ ਨੁਕਸ ਕਾਰਨ ਠੰਢਕ ਬਣੀ ਨਹੀਂ ਰਹੀ। ਉਨ੍ਹਾਂ ਭਰੋਸਾ ਦਿੱਤਾ ਕਿ ਜੇ ਜਾਂਚ ਵਿੱਚ ਕਿਸੇ ਕਰਮਚਾਰੀ ਦੀ ਲਾਪਰਵਾਹੀ ਸਾਹਮਣੇ ਆਈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
Get all latest content delivered to your email a few times a month.