IMG-LOGO
ਹੋਮ ਪੰਜਾਬ: ਹੋਲਾ ਮਹੱਲਾ ਪਲਾਸਟਿਕ ਮੁਕਤ ਮਨਾਉਣ ਦੀ ਅਪੀਲ, ਰੰਗਾਂ ‘ਤੇ ਪਾਬੰਦੀ...

ਹੋਲਾ ਮਹੱਲਾ ਪਲਾਸਟਿਕ ਮੁਕਤ ਮਨਾਉਣ ਦੀ ਅਪੀਲ, ਰੰਗਾਂ ‘ਤੇ ਪਾਬੰਦੀ - ਜਥੇਦਾਰ ਕੁਲਦੀਪ ਸਿੰਘ ਗੜਗੱਜ

Admin User - Feb 22, 2026 05:45 PM
IMG

ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਅਹਿਮ ਮੀਟਿੰਗ ਤੋਂ ਬਾਅਦ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਐਲਾਨ ਕੀਤਾ ਕਿ ਇਸ ਸਾਲ ਹੋਲਾ ਮਹੱਲਾ ਪੂਰੀ ਮਰਿਆਦਾ, ਅਨੁਸ਼ਾਸਨ ਅਤੇ ਵਾਤਾਵਰਣ ਸੁਰੱਖਿਆ ਦੇ ਸੰਦੇਸ਼ ਨਾਲ ਮਨਾਇਆ ਜਾਵੇਗਾ। ਮੀਟਿੰਗ ਵਿੱਚ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਅਤੇ ਪ੍ਰਬੰਧਕੀ ਅਧਿਕਾਰੀਆਂ ਨਾਲ ਤਾਲਮੇਲ ਰਾਹੀਂ ਪ੍ਰਬੰਧ ਸੁਚਾਰੂ ਕਰਨ ‘ਤੇ ਸਹਿਮਤੀ ਬਣੀ।

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵੱਖ-ਵੱਖ ਸੰਪਰਦਾਵਾਂ ਅਤੇ ਸੰਗਤਾਂ ਵੱਲੋਂ ਲੰਗਰ ਅਤੇ ਰਹਿਣ-ਸਹਿਣ ਦੇ ਵਿਸਥਾਰਤ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਵਾਰ ਖਾਸ ਤੌਰ ‘ਤੇ ਲੰਗਰਾਂ ਵਿੱਚ ਸਟੀਲ ਅਤੇ ਲੋਹੇ ਦੇ ਰਵਾਇਤੀ ਬਰਤਨਾਂ ਦੀ ਵਰਤੋਂ ਵਧਾਉਣ ਅਤੇ ਥਰਮਾਕੋਲ ਤੇ ਸਿੰਗਲ-ਯੂਜ਼ ਪਲਾਸਟਿਕ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨ ਦੀ ਅਪੀਲ ਕੀਤੀ ਗਈ ਹੈ। ਜੂਠੇ ਭਾਂਡੇ ਮਾਂਜਣ ਦੀ ਸੇਵਾ ਨੂੰ ਸਿੱਖ ਪਰੰਪਰਾ ਦਾ ਮਹੱਤਵਪੂਰਨ ਹਿੱਸਾ ਦੱਸਦੇ ਹੋਏ ਸੰਗਤ ਨੂੰ ਇਸ ਸੇਵਾ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਗਿਆ।

ਜਥੇਦਾਰ ਗੜਗੱਜ ਨੇ ਸਪਸ਼ਟ ਕੀਤਾ ਕਿ ਹੋਲਾ ਮਹੱਲਾ ਜੰਗੀ ਕਰਤੱਬ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ, ਇਸ ਲਈ ਰੰਗਾਂ ਦੀਆਂ ਦੁਕਾਨਾਂ ਨਹੀਂ ਲੱਗਣਗੀਆਂ ਅਤੇ ਰੰਗ ਸੁੱਟਣ ‘ਤੇ ਪਾਬੰਦੀ ਰਹੇਗੀ। ਕੇਵਲ ਨਿਹੰਗ ਫੌਜਾਂ ਨੂੰ ਮਰਿਆਦਾ ਅੰਦਰ ਗੁਲਾਲ ਵਰਤਣ ਦੀ ਆਗਿਆ ਹੋਵੇਗੀ। ਨਾਲ ਹੀ ਨੌਜਵਾਨਾਂ ਨੂੰ ਮੋਟਰਸਾਈਕਲਾਂ ਦੇ ਸਿਲੈਂਸਰ ਖੋਲ੍ਹ ਕੇ ਸ਼ੋਰ ਨਾ ਪੈਦਾ ਕਰਨ ਅਤੇ ਹੁੱਲੜਬਾਜ਼ੀ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ।

ਉਨ੍ਹਾਂ ਅਰਦਾਸ ਕੀਤੀ ਕਿ ਸਮਾਗਮ ਖਾਲਸੇ ਦੇ ਜਾਹੋ-ਜਲਾਲ, ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੇ ਸੰਦੇਸ਼ ਨਾਲ ਮਨਾਇਆ ਜਾਵੇ, ਤਾਂ ਜੋ ਦੁਨੀਆ ਅੱਗੇ ਸਿੱਖੀ ਦਾ ਅਸਲ ਰੂਪ ਉਭਰ ਸਕੇ।

ਇਸ ਦੌਰਾਨ ਜਥੇਦਾਰ ਨੇ ਸੂਬਾ ਸਰਕਾਰ ਦੇ ਪ੍ਰਬੰਧਾਂ ‘ਤੇ ਵੀ ਸਵਾਲ ਚੁੱਕਦੇ ਕਿਹਾ ਕਿ 350 ਸਾਲਾ ਸ਼ਹੀਦੀ ਸਮਾਗਮ ਮੌਕੇ ਬਣੀ ਸੜਕ ਖਰਾਬ ਹੋਣ ਲੱਗੀ ਹੈ ਅਤੇ ਕਈ ਕੰਮ ਜੋ ਸਰਕਾਰ ਨੂੰ ਕਰਨੇ ਚਾਹੀਦੇ ਸਨ, ਉਹ ਕਾਰ ਸੇਵਾ ਰਾਹੀਂ ਹੋ ਰਹੇ ਹਨ। ਹੈਰੀਟੇਜ ਸਟਰੀਟ ਪ੍ਰੋਜੈਕਟ ਬਾਰੇ ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਤੋਂ ਬਾਅਦ ਇਸ ਸਬੰਧੀ ਵੱਖਰੀ ਮੀਟਿੰਗ ਕਰਕੇ 20 ਕਰੋੜ ਰੁਪਏ ਦੇ ਖਰਚ ਦਾ ਪੂਰਾ ਹਿਸਾਬ ਲਿਆ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.