ਤਾਜਾ ਖਬਰਾਂ
ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਚਮਕਦਾ ਸਿਤਾਰਾ ਸਿੱਧੂ ਮੂਸੇਵਾਲਾ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹੈ, ਪਰ ਉਸ ਦੀ ਮਕਬੂਲੀਅਤ ਅੱਜ ਵੀ ਵੱਡੇ-ਵੱਡੇ ਦਿੱਗਜਾਂ ਨੂੰ ਮਾਤ ਦੇ ਰਹੀ ਹੈ। ਤਾਜ਼ਾ ਅੰਕੜਿਆਂ ਮੁਤਾਬਕ, ਮੂਸੇਵਾਲਾ ਦੇ ਅਧਿਕਾਰਤ ਯੂਟਿਊਬ ਚੈਨਲ ਦੇ ਸਬਸਕ੍ਰਾਈਬਰ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਰਾਬਰ ਪਹੁੰਚ ਗਏ ਹਨ। ਜਿੱਥੇ PM ਮੋਦੀ ਦੇ 29.9 ਮਿਲੀਅਨ ਸਬਸਕ੍ਰਾਈਬਰ ਹਨ, ਉੱਥੇ ਹੀ ਸਿੱਧੂ ਮੂਸੇਵਾਲਾ 29.8 ਮਿਲੀਅਨ ਦੇ ਅੰਕੜੇ ਨਾਲ ਉਨ੍ਹਾਂ ਨੂੰ ਸਖ਼ਤ ਟੱਕਰ ਦੇ ਰਿਹਾ ਹੈ।
ਮੌਤ ਤੋਂ ਬਾਅਦ ਵਧਿਆ ਪ੍ਰਸ਼ੰਸਕਾਂ ਦਾ ਹੜ੍ਹ
ਜ਼ਿਕਰਯੋਗ ਹੈ ਕਿ 29 ਮਈ 2022 ਨੂੰ ਜਦੋਂ ਸਿੱਧੂ ਦਾ ਬੇਰਹਿਮੀ ਨਾਲ ਕਤਲ ਹੋਇਆ ਸੀ, ਉਸ ਸਮੇਂ ਚੈਨਲ 'ਤੇ ਲਗਭਗ 10 ਮਿਲੀਅਨ ਸਬਸਕ੍ਰਾਈਬਰ ਸਨ। ਪਰ ਪਿਛਲੇ ਚਾਰ ਸਾਲਾਂ ਵਿੱਚ ਇਹ ਗਿਣਤੀ 19.8 ਮਿਲੀਅਨ ਹੋਰ ਵਧ ਗਈ ਹੈ। ਸਿੱਧੂ ਦੇ ਮਾਪੇ, ਬਲਕੌਰ ਸਿੰਘ ਅਤੇ ਚਰਨ ਕੌਰ, ਸਮੇਂ-ਸਮੇਂ 'ਤੇ ਉਸ ਦੇ ਅਣ-ਰਿਲੀਜ਼ ਕੀਤੇ ਗੀਤ ਸਾਂਝੇ ਕਰਕੇ ਆਪਣੇ ਪੁੱਤਰ ਦੀ ਵਿਰਾਸਤ ਨੂੰ ਜ਼ਿੰਦਾ ਰੱਖ ਰਹੇ ਹਨ।
2026 'ਚ ਹੋਵੇਗਾ 'ਵਰਲਡ ਟੂਰ': ਹੋਲੋਗ੍ਰਾਮ ਰਾਹੀਂ ਸਟੇਜ 'ਤੇ ਦਿਖੇਗਾ ਸਿੱਧੂ
ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਸਭ ਤੋਂ ਵੱਡੀ ਖ਼ਬਰ ਇਹ ਹੈ ਕਿ ਪਰਿਵਾਰ ਹੁਣ ਉਸ ਦੇ ਹੋਲੋਗ੍ਰਾਮ ਸ਼ੋਅ ਦੀ ਤਿਆਰੀ ਕਰ ਰਿਹਾ ਹੈ।
ਇਟਲੀ ਦੇ ਮਾਹਰ ਕਲਾਕਾਰ ਇਸ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਨ ਤਾਂ ਜੋ ਹੋਲੋਗ੍ਰਾਮ ਰਾਹੀਂ ਸਿੱਧੂ ਨੂੰ ਮੁੜ ਸਟੇਜ 'ਤੇ ਲਿਆਂਦਾ ਜਾ ਸਕੇ।
ਬਲਕੌਰ ਸਿੰਘ ਨੇ ਐਲਾਨ ਕੀਤਾ ਹੈ ਕਿ ਸਾਲ 2026 ਵਿੱਚ ਸਿੱਧੂ ਦਾ ਇੱਕ ਵਿਸ਼ਵ ਦੌਰਾ (World Tour) ਕਰਵਾਇਆ ਜਾਵੇਗਾ, ਜਿਸ ਦਾ ਨਾਂ "ਸਾਈਨ ਟੂ ਗੌਡ" ਰੱਖਿਆ ਗਿਆ ਹੈ।
ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਸਪੱਸ਼ਟ ਕੀਤਾ ਹੈ ਕਿ ਉਹ ਸਿੱਧੂ ਦੇ ਕਲਾਮ ਅਤੇ ਗੀਤਾਂ ਰਾਹੀਂ ਉਸ ਨੂੰ ਹਮੇਸ਼ਾ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਵਸਾ ਕੇ ਰੱਖਣਗੇ। "ਬੜੋਤਾ" ਗੀਤ ਦੀ ਸਫਲਤਾ ਤੋਂ ਬਾਅਦ, ਹੁਣ ਦੁਨੀਆ ਭਰ ਦੇ ਪ੍ਰਸ਼ੰਸਕ ਇਸ ਇਤਿਹਾਸਕ ਹੋਲੋਗ੍ਰਾਮ ਟੂਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
Get all latest content delivered to your email a few times a month.