ਤਾਜਾ ਖਬਰਾਂ
ਪੰਜਾਬ ਦੀ ਪ੍ਰਸਿੱਧ ਸੂਫ਼ੀ ਗਾਇਕ ਜੋੜੀ 'ਨੂਰਾਂ ਸਿਸਟਰਜ਼' ਦੇ ਪਿਤਾ ਅਤੇ ਉਸਤਾਦ ਗੁਲਸ਼ਨ ਮੀਰ ਦੀ ਸਿਹਤ ਅਚਾਨਕ ਵਿਗੜਨ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪਿਛਲੇ ਇੱਕ ਹਫ਼ਤੇ ਤੋਂ ਜੇਰੇ-ਇਲਾਜ ਗੁਲਸ਼ਨ ਮੀਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਡਾਕਟਰਾਂ ਨੇ ਉਨ੍ਹਾਂ ਦੀ ਕਿਡਨੀ ਟ੍ਰਾਂਸਪਲਾਂਟ ਕਰਨ ਦੀ ਸਲਾਹ ਦਿੱਤੀ ਹੈ।
ਇਨਫੈਕਸ਼ਨ ਅਤੇ ਬਲੋਕੇਜ ਨੇ ਵਧਾਈ ਮੁਸ਼ਕਲ
ਜੋਤੀ ਨੂਰਾਂ ਦੇ ਪਤੀ ਉਸਮਾਨ ਅਤੇ ਸਭ ਤੋਂ ਛੋਟੀ ਬੇਟੀ ਰਿਤੂ ਨੂਰਾਂ ਨੇ ਦੱਸਿਆ ਕਿ ਗੁਲਸ਼ਨ ਮੀਰ ਪਿਛਲੇ ਦੋ ਸਾਲਾਂ ਤੋਂ ਸ਼ੂਗਰ ਅਤੇ ਕਿਡਨੀ ਦੀ ਬਿਮਾਰੀ ਨਾਲ ਜੂਝ ਰਹੇ ਹਨ। ਹਾਲ ਹੀ ਵਿੱਚ ਪੇਟ ਅਤੇ ਗੁਰਦਿਆਂ ਵਿੱਚ ਇਨਫੈਕਸ਼ਨ ਵਧਣ ਕਾਰਨ ਉਨ੍ਹਾਂ ਨੂੰ ਸਾਹ ਲੈਣ ਵਿੱਚ ਵੀ ਤਕਲੀਫ਼ ਹੋਣ ਲੱਗੀ ਸੀ। ਹਸਪਤਾਲ ਵਿੱਚ ਕੀਤੇ ਗਏ ਟੈਸਟਾਂ ਦੌਰਾਨ ਦਿਲ ਦੀਆਂ ਨਾੜੀਆਂ ਵਿੱਚ ਬਲੋਕੇਜ ਪਾਈ ਗਈ, ਜਿਸ ਕਾਰਨ ਕਿਡਨੀ ਟ੍ਰਾਂਸਪਲਾਂਟ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰਾਂ ਨੂੰ ਉਨ੍ਹਾਂ ਦੇ ਸਟੈਂਟ ਪਾਉਣਾ ਪਿਆ।
ਧੀ ਨੇ ਪਿਤਾ ਲਈ ਕਿਡਨੀ ਦਾਨ ਕਰਨ ਦੀ ਜਤਾਈ ਇੱਛਾ
ਇਸ ਮੁਸ਼ਕਲ ਘੜੀ ਵਿੱਚ ਪਰਿਵਾਰਕ ਸਾਂਝ ਦੀ ਇੱਕ ਭਾਵੁਕ ਮਿਸਾਲ ਵੀ ਸਾਹਮਣੇ ਆਈ ਹੈ। ਰਿਤੂ ਨੂਰਾਂ ਨੇ ਦੱਸਿਆ ਕਿ ਜਦੋਂ ਪਿਤਾ ਦੀ ਕਿਡਨੀ ਫੇਲ੍ਹ ਹੋਣ ਦੀ ਖ਼ਬਰ ਮਿਲੀ, ਤਾਂ ਉਨ੍ਹਾਂ ਦੀ ਮਾਤਾ ਅਤੇ ਖ਼ੁਦ ਰਿਤੂ ਨੇ ਆਪਣੀ ਕਿਡਨੀ ਦਾਨ ਕਰਨ ਦੀ ਪੇਸ਼ਕਸ਼ ਕੀਤੀ। ਰਿਤੂ ਮੁਤਾਬਕ ਉਹ ਆਪਣੇ ਪਿਤਾ ਨੂੰ ਨਵਾਂ ਜੀਵਨ ਦੇਣ ਲਈ ਆਪਣਾ ਗੁਰਦਾ ਦਾਨ ਕਰਨਾ ਚਾਹੁੰਦੀ ਹੈ, ਪਰ ਡਾਕਟਰਾਂ ਨੇ ਸਪੱਸ਼ਟ ਕੀਤਾ ਹੈ ਕਿ ਸਾਰੇ ਜ਼ਰੂਰੀ ਟੈਸਟ ਅਤੇ ਮੈਡੀਕਲ ਰਿਪੋਰਟਾਂ ਮੈਚ ਹੋਣ ਤੋਂ ਬਾਅਦ ਹੀ ਇਹ ਸੰਭਵ ਹੋ ਸਕੇਗਾ।
ਦੁਆਵਾਂ ਦਾ ਦੌਰ ਜਾਰੀ
ਸੰਗੀਤ ਜਗਤ ਦੀ ਇਸ ਅਹਿਮ ਸ਼ਖ਼ਸੀਅਤ ਦੀ ਸਿਹਤ ਨੂੰ ਲੈ ਕੇ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਚਿੰਤਾ ਪਾਈ ਜਾ ਰਹੀ ਹੈ। ਫਿਲਹਾਲ ਗੁਲਸ਼ਨ ਮੀਰ ਡਾਕਟਰਾਂ ਦੀ ਸਖ਼ਤ ਨਿਗਰਾਨੀ ਹੇਠ ਹਨ ਅਤੇ ਪਰਿਵਾਰ ਵੱਲੋਂ ਉਨ੍ਹਾਂ ਦੀ ਸਲਾਮਤੀ ਲਈ ਅਪੀਲ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਸਿਹਤ ਵਿੱਚ ਸੁਧਾਰ ਹੋਣ 'ਤੇ ਹੀ ਕਿਡਨੀ ਟ੍ਰਾਂਸਪਲਾਂਟ ਬਾਰੇ ਅਗਲਾ ਫੈਸਲਾ ਲਿਆ ਜਾਵੇਗਾ।
Get all latest content delivered to your email a few times a month.