ਤਾਜਾ ਖਬਰਾਂ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਉਨ੍ਹਾਂ ਦੀ ਜਾਇਦਾਦ ਅਤੇ ਵਿੱਤੀ ਲੈਣ-ਦੇਣ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਸੰਗੀਤ ਨਿਰਦੇਸ਼ਕ ਬੰਟੀ ਬੈਂਸ ਵੱਲੋਂ ਮਾਤਾ ਚਰਨ ਕੌਰ ਦੀ ਆਡੀਓ ਵਾਇਰਲ ਕੀਤੇ ਜਾਣ ਤੋਂ ਬਾਅਦ, ਸਿੱਧੂ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਇੱਕ ਲੰਮੀ ਪੋਸਟ ਸਾਂਝੀ ਕਰਕੇ ਬੈਂਸ 'ਤੇ ਤਿੱਖੇ ਸਵਾਲ ਚੁੱਕੇ ਹਨ। ਬਲਕੌਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਬੰਟੀ ਬੈਂਸ ਨੇ ਉਨ੍ਹਾਂ ਦੇ ਦੁੱਖ ਦਾ ਫਾਇਦਾ ਉਠਾਉਂਦਿਆਂ ਪੁਰਾਣੀਆਂ ਤਰੀਕਾਂ 'ਤੇ ਦਸਤਖਤ ਕਰਵਾਏ ਸਨ।
"ਪੁੱਤ ਦੀ ਮੌਤ ਦੇ 4 ਦਿਨ ਬਾਅਦ ਦਸਤਖਤ ਕਰਵਾਉਣ ਦੀ ਕੀ ਸੀ ਜਲਦਬਾਜ਼ੀ?"
ਬਲਕੌਰ ਸਿੰਘ ਨੇ ਭਾਵੁਕ ਹੁੰਦਿਆਂ ਲਿਖਿਆ ਕਿ ਜਦੋਂ 4 ਜੂਨ 2022 ਨੂੰ ਪੂਰਾ ਪਰਿਵਾਰ ਸ਼ੁਭਦੀਪ ਦੀ ਮੌਤ ਦੇ ਡੂੰਘੇ ਸਦਮੇ ਵਿੱਚ ਸੀ, ਉਸ ਵੇਲੇ ਬੰਟੀ ਬੈਂਸ ਨੇ ਘਰ ਆ ਕੇ ਉਨ੍ਹਾਂ ਤੋਂ ਅਗਸਤ 2020 ਦੀ ਪਿਛਲੀ ਤਰੀਕ (Backdate) ਵਾਲੇ ਇਕਰਾਰਨਾਮੇ 'ਤੇ ਦਸਤਖਤ ਕਰਵਾਏ। ਉਨ੍ਹਾਂ ਸਵਾਲ ਕੀਤਾ ਕਿ ਅਜਿਹੀ ਹਾਲਤ ਵਿੱਚ ਸਾਡੇ ਤੋਂ ਕਾਗਜ਼ ਸਾਈਨ ਕਰਵਾਉਣਾ ਕਿੰਨਾ ਕੁ ਜਾਇਜ਼ ਸੀ? ਉਨ੍ਹਾਂ ਦੋਸ਼ ਲਾਇਆ ਕਿ ਬੰਟੀ ਬੈਂਸ ਹੀ ਸਾਰੇ ਵਿੱਤੀ ਮਾਮਲੇ ਦੇਖਦਾ ਸੀ ਅਤੇ ਪਰਿਵਾਰ ਨੇ ਉਸ 'ਤੇ ਅੰਨ੍ਹਾ ਭਰੋਸਾ ਕੀਤਾ ਸੀ।
ਵਿੱਤੀ ਹਿਸਾਬ-ਕਿਤਾਬ 'ਤੇ ਘੇਰਿਆ
ਬਲਕੌਰ ਸਿੰਘ ਨੇ ਪੋਸਟ ਵਿੱਚ ਕਿਹਾ ਕਿ ਬੰਟੀ ਨੇ ਹੀ ਉਨ੍ਹਾਂ ਨੂੰ 'ਵਨ ਡਿਜੀਟਲ' ਕੰਪਨੀ ਵਿੱਚੋਂ ਟੈਕਸ ਦਾ ਹਵਾਲਾ ਦੇ ਕੇ ਪੈਸੇ ਨਾ ਕਢਵਾਉਣ ਦੀ ਸਲਾਹ ਦਿੱਤੀ ਸੀ। ਉਨ੍ਹਾਂ ਕਿਹਾ, "ਅਸੀਂ ਨਾ ਕਦੇ ਸ਼ਬੀਰ ਮੋਮਿਨ ਨੂੰ ਮਿਲੇ ਅਤੇ ਨਾ ਹੀ ਗੁਰਪ੍ਰੀਤ ਨੂੰ ਜਾਣਦੇ ਸੀ, ਇਹ ਸਭ ਬੰਟੀ ਬੈਂਸ ਰਾਹੀਂ ਹੀ ਹੋਇਆ। ਜੇਕਰ ਕੰਮ ਵਿੱਚ ਕੋਈ ਗੜਬੜ ਸੀ, ਤਾਂ ਬੰਟੀ ਦਾ ਫਰਜ਼ ਸੀ ਕਿ ਉਹ ਸਾਨੂੰ ਸਮੇਂ ਸਿਰ ਦੱਸਦਾ ਅਤੇ ਹਿਸਾਬ ਸਾਫ਼ ਕਰਦਾ।"
ਇੱਕ ਮਾਂ ਦੀ ਨਿੱਜੀ ਗੱਲਬਾਤ ਨੂੰ ਤੋੜ-ਮਰੋੜ ਕੇ ਜਨਤਕ ਕਰਨਾ ਬੇਹੱਦ ਮੰਦਭਾਗਾ ਹੈ। ਪਰਿਵਾਰ ਹੁਣ ਆਪਣਾ ਪੂਰਾ ਵਿੱਤੀ ਹਿਸਾਬ-ਕਿਤਾਬ ਚਾਹੁੰਦਾ ਹੈ।
ਬਲਕੌਰ ਸਿੰਘ ਨੇ ਕਿਹਾ ਕਿ ਜੇਕਰ ਬੰਟੀ ਬੈਂਸ ਸੱਚਾ ਹੈ ਤਾਂ ਉਹ ਸ਼ਬੀਰ ਮੋਮਿਨ ਅਤੇ ਗੁਰਪ੍ਰੀਤ ਨੂੰ ਨਾਲ ਲੈ ਕੇ ਘਰ ਆਵੇ ਅਤੇ ਸਾਰਾ ਹਿਸਾਬ ਨਿਪਟਾਵੇ।
ਮੂਸੇਵਾਲਾ ਦੇ ਪਿਤਾ ਨੇ ਅਖੀਰ ਵਿੱਚ ਲਿਖਿਆ ਕਿ ਉਹ ਸਿਰਫ਼ ਸੱਚ ਅਤੇ ਆਪਣੇ ਪੁੱਤਰ ਦੀ ਮਿਹਨਤ ਦੀ ਕਮਾਈ ਦਾ ਸਹੀ ਹਿਸਾਬ ਚਾਹੁੰਦੇ ਹਨ। ਉਨ੍ਹਾਂ ਉਨ੍ਹਾਂ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਜੋ ਇਸ ਮੁਸ਼ਕਿਲ ਘੜੀ ਵਿੱਚ ਪਰਿਵਾਰ ਦੇ ਨਾਲ ਖੜ੍ਹੇ ਹਨ।
ਇਸ ਖੁਲਾਸੇ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਹਲਚਲ ਤੇਜ਼ ਹੋ ਗਈ ਹੈ ਅਤੇ ਹੁਣ ਸਭ ਦੀਆਂ ਨਜ਼ਰਾਂ ਬੰਟੀ ਬੈਂਸ ਦੇ ਅਗਲੇ ਜਵਾਬ 'ਤੇ ਟਿਕੀਆਂ ਹੋਈਆਂ ਹਨ।
Get all latest content delivered to your email a few times a month.