ਤਾਜਾ ਖਬਰਾਂ
ਮੋਹਾਲੀ ਦੇ ਫੇਜ਼-7 ਇਲਾਕੇ ਵਿੱਚ ਦਿਨ ਦਿਹਾੜੇ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਇੱਕ ਟੈਲੀਕਾਮ ਕੰਪਨੀ ਦੇ ਕਰਮਚਾਰੀ ‘ਤੇ ਹਮਲਾ ਕਰਕੇ ਕਰੀਬ 4 ਲੱਖ ਰੁਪਏ ਨਕਦ ਲੁੱਟ ਲਏ ਗਏ। ਘਟਨਾ ਉਸ ਵੇਲੇ ਵਾਪਰੀ ਜਦੋਂ ਕਰਮਚਾਰੀ ਨਕਦੀ ਜਮ੍ਹਾ ਕਰਵਾਉਣ ਲਈ Axis Bank ਦੇ ਏਟੀਐਮ ‘ਤੇ ਪਹੁੰਚਿਆ ਸੀ।
ਪੁਲਿਸ ਮੁਤਾਬਕ ਲੁਟੇਰਿਆਂ ਨੇ ਪਹਿਲਾਂ ਕਰਮਚਾਰੀ ਦੀਆਂ ਅੱਖਾਂ ਵਿੱਚ ਮਿਰਚ ਪਾਊਡਰ ਸੁੱਟਿਆ, ਜਿਸ ਨਾਲ ਉਹ ਬੇਬਸ ਹੋ ਗਿਆ। ਇਸ ਤੋਂ ਬਾਅਦ ਮੁਲਜ਼ਮ ਨਕਦੀ ਨਾਲ ਭਰਿਆ ਬੈਗ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਬੈਗ ਵਿੱਚ ਲਗਭਗ 4 ਲੱਖ ਰੁਪਏ ਮੌਜੂਦ ਸਨ। ਪੂਰੀ ਵਾਰਦਾਤ ਏਟੀਐਮ ਅਤੇ ਨੇੜਲੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ ਅਤੇ ਇੱਕ ਸ਼ੱਕੀ ਦੀ ਤਸਵੀਰ ਵੀ ਸਾਹਮਣੇ ਆ ਚੁੱਕੀ ਹੈ।
ਇਹ ਘਟਨਾ ਉਸ ਇਲਾਕੇ ਵਿੱਚ ਵਾਪਰੀ ਜਿੱਥੇ ਆਵਾਜਾਈ ਕਾਫੀ ਰਹਿੰਦੀ ਹੈ ਅਤੇ ਪੁਲਿਸ ਦੇ ਕਈ ਵਿਭਾਗ ਵੀ ਨੇੜੇ ਹੀ ਸਥਿਤ ਹਨ, ਪਰ ਇਸ ਦੇ ਬਾਵਜੂਦ ਮੁਲਜ਼ਮ ਆਸਾਨੀ ਨਾਲ ਭੱਜਣ ਵਿੱਚ ਸਫਲ ਰਹੇ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਦੋਸ਼ੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸ਼ਿਕਾਇਤਕਰਤਾ ਗੁਰਜੋਤ ਸਿੰਘ ਨੇ ਦੱਸਿਆ ਕਿ ਉਹ “ਟੈਲੀ ਲਿੰਕ” ਕੰਪਨੀ ਚਲਾਉਂਦਾ ਹੈ ਅਤੇ ਉਸਦੇ ਕਰਮਚਾਰੀ Airtel ਪ੍ਰੀਪੇਡ ਅਤੇ Airtel Payments Bank ਨਾਲ ਸੰਬੰਧਿਤ ਰਕਮ ਇਕੱਠੀ ਕਰਕੇ ਵੱਖ-ਵੱਖ ਬੈਂਕਾਂ ਵਿੱਚ ਜਮ੍ਹਾ ਕਰਵਾਉਂਦੇ ਹਨ।
ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਇਲਾਕੇ ਦੀ ਸੁਰੱਖਿਆ ਵੀ ਵਧਾਈ ਗਈ ਹੈ।
Get all latest content delivered to your email a few times a month.