IMG-LOGO
ਹੋਮ ਪੰਜਾਬ: ਪੀਆਰਟੀਸੀ ਅਤੇ ਪਨਬੱਸ ਠੇਕਾ ਮੁਲਾਜ਼ਮਾਂ ਦੀ ਹੜਤਾਲ ਖਤਮ, ਜਲਦ ਸਧਾਰਨ...

ਪੀਆਰਟੀਸੀ ਅਤੇ ਪਨਬੱਸ ਠੇਕਾ ਮੁਲਾਜ਼ਮਾਂ ਦੀ ਹੜਤਾਲ ਖਤਮ, ਜਲਦ ਸਧਾਰਨ ਹੋਣਗੀਆਂ ਬੱਸ ਸੇਵਾਵਾਂ

Admin User - Feb 12, 2026 05:53 PM
IMG

ਪੰਜਾਬ ਵਿੱਚ ਪੀਆਰਟੀਸੀ ਅਤੇ ਪਨਬੱਸ ਦੇ ਠੇਕਾ ਮੁਲਾਜ਼ਮਾਂ ਵੱਲੋਂ ਕੀਤੀ ਗਈ ਹੜਤਾਲ ਆਖਿਰਕਾਰ ਖਤਮ ਕਰ ਦਿੱਤੀ ਗਈ ਹੈ, ਜਿਸ ਨਾਲ ਸਰਕਾਰੀ ਬੱਸ ਸੇਵਾਵਾਂ ਮੁੜ ਸਧਾਰਣ ਹੋਣ ਦੀ ਉਮੀਦ ਬਣ ਗਈ ਹੈ। ਮੈਨੇਜਮੈਂਟ ਵੱਲੋਂ ਠੇਕਾ ਕਰਮਚਾਰੀਆਂ ਦੇ ਲੰਬੇ ਸਮੇਂ ਤੋਂ ਚੱਲ ਰਹੇ ਮਸਲਿਆਂ ਨੂੰ ਗੰਭੀਰਤਾ ਨਾਲ ਹੱਲ ਕਰਨ ਦਾ ਭਰੋਸਾ ਦੇਣ ਮਗਰੋਂ ਯੂਨੀਅਨ ਨੇ ਇਹ ਫੈਸਲਾ ਲਿਆ। ਮੁਲਾਜ਼ਮ ਜਲਦ ਹੀ ਆਪਣੀ ਡਿਊਟੀ ਸੰਭਾਲਣਗੇ, ਜਿਸ ਨਾਲ ਆਮ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।

ਇਹ ਹੜਤਾਲ ਗ੍ਰਿਫ਼ਤਾਰ ਕੀਤੇ ਗਏ ਸਾਥੀਆਂ ਦੀ ਰਿਹਾਈ ਅਤੇ ਹੋਰ ਮੰਗਾਂ ਨੂੰ ਲੈ ਕੇ ਕੀਤੀ ਗਈ ਸੀ। ਕਈ ਦਿਨਾਂ ਤੱਕ ਸਰਕਾਰੀ ਬੱਸਾਂ ਦੇ ਪਹੀਏ ਠੱਪ ਰਹਿਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਖਾਸ ਤੌਰ ’ਤੇ ਮੁਫ਼ਤ ਯਾਤਰਾ ਯੋਜਨਾ ਅਧੀਨ ਸਫ਼ਰ ਕਰਨ ਵਾਲੀਆਂ ਮਹਿਲਾਵਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਹੋਣਾ ਪਿਆ, ਕਿਉਂਕਿ ਉਨ੍ਹਾਂ ਨੂੰ ਮਜਬੂਰਨ ਨਿੱਜੀ ਬੱਸਾਂ ’ਚ ਕਿਰਾਇਆ ਦੇ ਕੇ ਯਾਤਰਾ ਕਰਨੀ ਪਈ। ਦਫ਼ਤਰੀ ਕਰਮਚਾਰੀ ਅਤੇ ਵਿਦਿਆਰਥੀ ਵੀ ਇਸ ਹੜਤਾਲ ਕਾਰਨ ਬਹੁਤ ਪਰੇਸ਼ਾਨ ਰਹੇ।

ਇਸ ਦੌਰਾਨ ਨਿੱਜੀ ਬੱਸ ਆਪਰੇਟਰਾਂ ਨੇ ਸਥਿਤੀ ਦਾ ਲਾਭ ਉਠਾਇਆ ਅਤੇ ਵੱਧ ਕਿਰਾਏ ਲੈ ਕੇ ਯਾਤਰੀਆਂ ਨੂੰ ਸੇਵਾ ਦਿੱਤੀ। ਬੀਤੇ ਦਿਨ ਬੁੱਧਵਾਰ ਦੁਪਹਿਰ 12 ਵਜੇ ਪੀਆਰਟੀਸੀ ਪ੍ਰਬੰਧਨ ਅਤੇ ਟਰਾਂਸਪੋਰਟ ਸੈਕਟਰੀ ਨਾਲ ਠੇਕਾ ਕਰਮਚਾਰੀਆਂ ਦੀ ਮੀਟਿੰਗ ਹੋਈ, ਜੋ ਲਗਭਗ ਛੇ ਘੰਟਿਆਂ ਤੱਕ ਚੱਲੀ। ਸ਼ੁਰੂਆਤੀ ਦੌਰ ਵਿੱਚ ਕੋਈ ਸਹਿਮਤੀ ਨਾ ਬਣਨ ਕਾਰਨ ਅਸਮੰਜਸ ਦੀ ਸਥਿਤੀ ਬਣੀ ਰਹੀ, ਪਰ ਬਾਅਦ ਵਿੱਚ ਪ੍ਰਬੰਧਨ ਵੱਲੋਂ ਭਰੋਸਾ ਦਿੱਤੇ ਜਾਣ ’ਤੇ ਯੂਨੀਅਨ ਨੇ ਹੜਤਾਲ ਵਾਪਸ ਲੈਣ ਦਾ ਐਲਾਨ ਕਰ ਦਿੱਤਾ।

ਹੁਣ ਸਰਕਾਰੀ ਬੱਸ ਸੇਵਾਵਾਂ ਦੇ ਮੁੜ ਚਾਲੂ ਹੋਣ ਨਾਲ ਸੂਬੇ ਭਰ ਦੇ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.