ਤਾਜਾ ਖਬਰਾਂ
ਦੂਰਦਰਸ਼ਨ ਦਾ ਇੱਕ ਜਾਣਿਆ-ਪਛਾਣਿਆ ਅਤੇ ਭਰੋਸੇਯੋਗ ਚਿਹਰਾ ਰਹੀ ਪ੍ਰਸਿੱਧ ਨਿਊਜ਼ ਐਂਕਰ ਸਰਲਾ ਮਹੇਸ਼ਵਰੀ ਦਾ ਵੀਰਵਾਰ ਨੂੰ 71 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਚਾਨਕ ਨਿਧਨ ਨਾਲ ਮੀਡੀਆ ਜਗਤ ਵਿੱਚ ਗਹਿਰਾ ਦੁੱਖ ਅਤੇ ਸੋਗ ਛਾ ਗਿਆ ਹੈ। ਉਨ੍ਹਾਂ ਦੇ ਚਾਹੁਣ ਵਾਲੇ ਅਤੇ ਸਹਿਕਰਮੀ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਭਾਵੁਕ ਸ਼ਰਧਾਂਜਲੀਆਂ ਅਰਪਿਤ ਕਰ ਰਹੇ ਹਨ।
ਪਰਿਵਾਰਕ ਜਾਣਕਾਰੀ ਮੁਤਾਬਕ, ਸਰਲਾ ਮਹੇਸ਼ਵਰੀ ਦਾ ਅੰਤਿਮ ਸੰਸਕਾਰ 12 ਫਰਵਰੀ 2026 ਨੂੰ ਸ਼ਾਮ ਦੇ ਸਮੇਂ ਦਿੱਲੀ ਦੇ ਨਿਗਮ ਬੋਧ ਘਾਟ ਵਿਖੇ ਕੀਤਾ ਜਾਵੇਗਾ। ਦੂਰਦਰਸ਼ਨ ਨੇ ਵੀ ਆਪਣੇ ਅਧਿਕਾਰਿਕ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਉਨ੍ਹਾਂ ਦੇ ਨਿਧਨ 'ਤੇ ਗਹਿਰਾ ਦੁੱਖ ਪ੍ਰਗਟਾਇਆ ਹੈ।
ਸਰਲਾ ਮਹੇਸ਼ਵਰੀ ਆਪਣੀ ਮਿੱਠੀ ਅਤੇ ਸੰਵੇਦਨਸ਼ੀਲ ਆਵਾਜ਼, ਸਟੀਕ ਉਚਾਰਨ ਅਤੇ ਸ਼ਾਲੀਨ ਪੇਸ਼ਕਾਰੀ ਲਈ ਖਾਸ ਤੌਰ ‘ਤੇ ਜਾਣੀਆਂ ਜਾਂਦੀਆਂ ਸਨ। 1980 ਅਤੇ 1990 ਦੇ ਦਹਾਕਿਆਂ ਵਿੱਚ ਉਹ ਟੈਲੀਵਿਜ਼ਨ ਪੱਤਰਕਾਰਤਾ ਦਾ ਇੱਕ ਮਜ਼ਬੂਤ ਅਤੇ ਭਰੋਸੇਯੋਗ ਨਾਮ ਬਣ ਗਈਆਂ ਸਨ। ਉਸ ਸਮੇਂ ਦੂਰਦਰਸ਼ਨ ਭਾਰਤ ਦਾ ਸਭ ਤੋਂ ਪ੍ਰਮੁੱਖ ਖ਼ਬਰ ਮਾਧਿਅਮ ਸੀ ਅਤੇ ਸਰਲਾ ਜੀ ਨੇ ਆਪਣੇ ਸੰਯਮਿਤ ਅੰਦਾਜ਼ ਅਤੇ ਗੰਭੀਰ ਪੇਸ਼ਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ।
ਉਨ੍ਹਾਂ ਨੇ ਆਪਣੀ ਪੜ੍ਹਾਈ ਦਿੱਲੀ ਯੂਨੀਵਰਸਿਟੀ ਤੋਂ ਪੂਰੀ ਕੀਤੀ ਅਤੇ ਉਥੋਂ ਪੀਐਚਡੀ ਦੀ ਡਿਗਰੀ ਹਾਸਲ ਕੀਤੀ। ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੇ ਦੂਰਦਰਸ਼ਨ ਲਈ ਆਡੀਸ਼ਨ ਦਿੱਤਾ ਅਤੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਅਨਾਊਂਸਰ ਵਜੋਂ ਕੀਤੀ। ਆਪਣੀ ਲਗਨ, ਮਿਹਨਤ ਅਤੇ ਪ੍ਰੋਫੈਸ਼ਨਲ ਨਿਭਾਅ ਦੇ ਸਦਕਾ ਉਹ ਜਲਦੀ ਹੀ ਨਿਊਜ਼ ਐਂਕਰ ਦੇ ਰੂਪ ਵਿੱਚ ਪ੍ਰਮੋਟ ਹੋ ਗਈਆਂ। 2005 ਤੱਕ ਉਹ ਦੂਰਦਰਸ਼ਨ ਨਾਲ ਜੁੜੀਆਂ ਰਹੀਆਂ ਅਤੇ ਕਈ ਮਹੱਤਵਪੂਰਨ ਖ਼ਬਰਾਂ, ਵਿਸ਼ੇਸ਼ ਪ੍ਰੋਗਰਾਮਾਂ ਅਤੇ ਰਾਸ਼ਟਰੀ ਪ੍ਰਸਾਰਣਾਂ ਦਾ ਹਿੱਸਾ ਬਣੀਆਂ।
ਦੂਰਦਰਸ਼ਨ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਰਲਾ ਮਹੇਸ਼ਵਰੀ ਇੱਕ ਸਤਿਕਾਰਯੋਗ ਅਤੇ ਪ੍ਰੇਰਣਾਦਾਇਕ ਹਸਤੀ ਸਨ, ਜਿਨ੍ਹਾਂ ਦੀ ਕੋਮਲ ਆਵਾਜ਼ ਅਤੇ ਗੰਭੀਰ ਅੰਦਾਜ਼ ਨੇ ਭਾਰਤੀ ਨਿਊਜ਼ ਮੀਡੀਆ ਵਿੱਚ ਇੱਕ ਵਿਲੱਖਣ ਪਛਾਣ ਬਣਾਈ। ਉਨ੍ਹਾਂ ਦੀ ਸਾਦਗੀ, ਸੰਯਮ ਅਤੇ ਪੇਸ਼ਾਵਰ ਇਮਾਨਦਾਰੀ ਨੇ ਦਰਸ਼ਕਾਂ ਵਿੱਚ ਡੂੰਘਾ ਭਰੋਸਾ ਪੈਦਾ ਕੀਤਾ।
ਸਰਲਾ ਮਹੇਸ਼ਵਰੀ ਦਾ ਦੇਹਾਂਤ ਭਾਰਤੀ ਮੀਡੀਆ ਲਈ ਇੱਕ ਅਪੂਰਣੀਯ ਘਾਟਾ ਮੰਨਿਆ ਜਾ ਰਿਹਾ ਹੈ। ਉਹ ਸਿਰਫ਼ ਇੱਕ ਐਂਕਰ ਨਹੀਂ, ਸਗੋਂ ਇੱਕ ਯੁੱਗ ਦੀ ਪਹਚਾਣ ਸਨ, ਜਿਨ੍ਹਾਂ ਦੀ ਯਾਦ ਹਮੇਸ਼ਾਂ ਦਰਸ਼ਕਾਂ ਦੇ ਦਿਲਾਂ ਵਿੱਚ ਜੀਵੰਤ ਰਹੇਗੀ।
Get all latest content delivered to your email a few times a month.