ਤਾਜਾ ਖਬਰਾਂ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਬੁੱਧਵਾਰ ਨੂੰ ਇੱਕ ਵਾਰ ਫਿਰ ਇਨਸਾਫ਼ ਦੀ ਮੰਗ ਨੂੰ ਲੈ ਕੇ ਮਾਨਸਾ ਦੇ ਐੱਸ.ਐੱਸ.ਪੀ. (SSP) ਦਫ਼ਤਰ ਦੇ ਬਾਹਰ ਧਰਨੇ 'ਤੇ ਬੈਠ ਗਏ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਛੋਟਾ ਪੁੱਤਰ ਸ਼ੁਭਦੀਪ ਸਿੰਘ ਵੀ ਮੌਜੂਦ ਸੀ। ਪਰਿਵਾਰ ਨੇ ਪੰਜਾਬੀ ਗੀਤਕਾਰ ਬੰਟੀ ਬੈਂਸ 'ਤੇ ਪੈਸਿਆਂ ਦੇ ਲੈਣ-ਦੇਣ ਅਤੇ ਪੁੱਤਰ ਦੀ ਕਮਾਈ ਹੜੱਪਣ ਦੇ ਗੰਭੀਰ ਆਰੋਪ ਲਗਾਉਂਦਿਆਂ ਪੁਲਿਸ ਕਾਰਵਾਈ ਦੀ ਮੰਗ ਕੀਤੀ।
ਕੀ ਹੈ ਵਿਵਾਦਤ ਮਾਮਲਾ?
ਬਲਕੌਰ ਸਿੰਘ ਨੇ ਦੱਸਿਆ ਕਿ ਜੂਨ 2025 ਵਿੱਚ ਉਨ੍ਹਾਂ ਨੇ 'ਵਨ ਡੀਜੀਟਲ' ਕੰਪਨੀ ਅਤੇ ਬੰਟੀ ਬੈਂਸ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ। ਉਨ੍ਹਾਂ ਦਾ ਆਰੋਪ ਹੈ ਕਿ ਸਿੱਧੂ ਮੂਸੇਵਾਲਾ ਦੇ ਗੀਤਾਂ ਤੋਂ ਹੋਣ ਵਾਲੀ ਕਮਾਈ (Revenue) ਕੰਪਨੀਆਂ ਵੱਲੋਂ ਪਰਿਵਾਰ ਨੂੰ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ, "ਪਹਿਲਾਂ ਸਾਡਾ ਪੁੱਤ ਮਰਵਾ ਦਿੱਤਾ ਅਤੇ ਹੁਣ ਉਸ ਦੀ ਕਮਾਈ ਖਾਧੀ ਜਾ ਰਹੀ ਹੈ। ਸਾਡੇ ਕੋਲ ਰਿਸ਼ਵਤ ਦੇਣ ਲਈ ਪੈਸੇ ਨਹੀਂ ਹਨ, ਅਸੀਂ ਆਪਣਾ ਟੱਬਰ ਕਿਵੇਂ ਪਾਲਾਂਗੇ?" ਉਨ੍ਹਾਂ ਸਰਕਾਰ 'ਤੇ ਵਿਰੋਧੀ ਧਿਰ ਦਾ ਪੱਖ ਪੂਰਨ ਦੇ ਵੀ ਇਲਜ਼ਾਮ ਲਗਾਏ।
ਦੂਜੇ ਪਾਸੇ, ਗੀਤਕਾਰ ਬੰਟੀ ਬੈਂਸ ਨੇ ਸੋਸ਼ਲ ਮੀਡੀਆ ਰਾਹੀਂ ਇਨ੍ਹਾਂ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ। ਬੈਂਸ ਨੇ ਲਿਖਿਆ ਕਿ ਪੁਲਿਸ ਜਾਂਚ ਤੋਂ ਬਾਅਦ ਹੀ ਉਨ੍ਹਾਂ ਨੂੰ ਕਲੀਨ ਚਿੱਟ ਮਿਲੀ ਹੈ ਅਤੇ ਉਹ ਕਿਸੇ ਦੇ ਚਹੇਤੇ ਹੋਣ ਕਰਕੇ ਨਹੀਂ, ਸਗੋਂ ਸਹੀ ਹੋਣ ਕਾਰਨ ਐਫ.ਆਈ.ਆਰ. (FIR) ਤੋਂ ਬਾਹਰ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਅੱਜ ਵੀ ਮੂਸੇਵਾਲਾ ਦੇ ਪਰਿਵਾਰ ਦੇ ਸਤਿਕਾਰ ਵਿੱਚ ਖੜ੍ਹੇ ਹਨ ਅਤੇ ਹਰ ਜਾਂਚ ਲਈ ਹਾਜ਼ਰ ਹੋਣਗੇ।
ਪੁਲਿਸ ਦੇ ਭਰੋਸੇ ਮਗਰੋਂ ਧਰਨਾ ਖ਼ਤਮ ਧਰਨੇ ਦੌਰਾਨ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਪਰਿਵਾਰ ਨਾਲ ਗੱਲਬਾਤ ਕੀਤੀ। ਪੁਲਿਸ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਦੀ ਸ਼ਿਕਾਇਤ 'ਤੇ ਬਣਦੀ ਕਾਨੂੰਨੀ ਕਾਰਵਾਈ ਜਲਦ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਭਰੋਸੇ ਤੋਂ ਬਾਅਦ ਪਰਿਵਾਰ ਨੇ ਧਰਨਾ ਸਮਾਪਤ ਕਰ ਦਿੱਤਾ, ਪਰ ਚੇਤਾਵਨੀ ਦਿੱਤੀ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਹ ਆਪਣੀ ਲੜਾਈ ਜਾਰੀ ਰੱਖਣਗੇ।
Get all latest content delivered to your email a few times a month.