ਤਾਜਾ ਖਬਰਾਂ
ਕਾਨੂੰਨ ਦੀ ਰਾਖੀ ਕਰਨ ਵਾਲੇ ਹੀ ਜਦੋਂ ਭੱਖੜ ਬਣ ਜਾਣ ਤਾਂ ਅਦਾਲਤਾਂ ਸਖ਼ਤ ਰੁਖ਼ ਅਖਤਿਆਰ ਕਰਦੀਆਂ ਹਨ। ਅਜਿਹਾ ਹੀ ਇੱਕ ਮਿਸਾਲੀ ਫੈਸਲਾ ਬਠਿੰਡਾ ਦੀ ਜ਼ਿਲ੍ਹਾ ਅਦਾਲਤ ਵੱਲੋਂ ਸੁਣਾਇਆ ਗਿਆ ਹੈ, ਜਿੱਥੇ ਪੰਜਾਬ ਪੁਲਿਸ ਦੇ ਏ.ਐਸ.ਆਈ. (ASI) ਗੁਰਵਿੰਦਰ ਸਿੰਘ ਨੂੰ ਬਲਾਤਕਾਰ ਦੇ ਸੰਗੀਨ ਜ਼ੁਰਮ ਵਿੱਚ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਕੀ ਸੀ ਪੂਰਾ ਮਾਮਲਾ?
ਘਟਨਾ ਮਈ 2021 ਦੀ ਹੈ, ਜਦੋਂ ਦੋਸ਼ੀ ਗੁਰਵਿੰਦਰ ਸਿੰਘ ਨੇ ਪੀੜਤ ਮਹਿਲਾ ਦੇ ਪੁੱਤਰ ਵਿਰੁੱਧ ਥਾਣਾ ਕੈਂਟ ਵਿੱਚ ਨਸ਼ਾ ਤਸਕਰੀ ਦਾ ਮਾਮਲਾ ਦਰਜ ਕੀਤਾ ਸੀ। ਇਸ ਦੀ ਆੜ ਵਿੱਚ ਉਸ ਨੇ ਮਹਿਲਾ 'ਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਇਆ। ਜਾਣਕਾਰੀ ਮੁਤਾਬਕ 10 ਮਈ ਨੂੰ ਥਾਣੇਦਾਰ ਨੇ ਆਪਣੀ ਨਿੱਜੀ ਗੱਡੀ ਵਿੱਚ ਮਹਿਲਾ ਨਾਲ ਜਬਰ-ਜ਼ਨਾਹ ਕੀਤਾ। ਅਗਲੇ ਦਿਨ ਜਦੋਂ ਉਸ ਨੇ ਦੁਬਾਰਾ ਮਹਿਲਾ ਦੇ ਘਰ ਜਾ ਕੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ।
ਧਮਕੀਆਂ ਦੇ ਬਾਵਜੂਦ ਨਹੀਂ ਡੋਲੀ ਪੀੜਤਾ ਕੇਸ ਦੀ ਸੁਣਵਾਈ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਦੋਸ਼ੀ ਪੱਖ ਵੱਲੋਂ ਪੀੜਤ ਪਰਿਵਾਰ ਅਤੇ ਮੁੱਖ ਗਵਾਹ ਨੂੰ ਗੈਂਗਸਟਰਾਂ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਕੇਸ ਵਾਪਸ ਲੈਣ ਲਈ ਭਾਰੀ ਦਬਾਅ ਪਾਇਆ ਗਿਆ, ਪਰ ਪੀੜਤ ਪੱਖ ਨੇ ਹਾਰ ਨਹੀਂ ਮੰਨੀ ਅਤੇ ਚਾਰ ਸਾਲਾਂ ਤੱਕ ਕਾਨੂੰਨੀ ਲੜਾਈ ਜਾਰੀ ਰੱਖੀ।
ਅਦਾਲਤੀ ਕਾਰਵਾਈ ਨਥਾਣਾ ਪੁਲਿਸ ਵੱਲੋਂ ਦਰਜ ਕੀਤੇ ਗਏ ਇਸ ਮਾਮਲੇ ਵਿੱਚ ਅਦਾਲਤ ਨੇ ਸਾਰੇ ਗਵਾਹਾਂ ਅਤੇ ਸਬੂਤਾਂ ਦੇ ਆਧਾਰ 'ਤੇ ਬੁੱਧਵਾਰ ਨੂੰ ਆਪਣਾ ਅੰਤਿਮ ਫੈਸਲਾ ਸੁਣਾਇਆ। ਅਦਾਲਤ ਨੇ ਏ.ਐਸ.ਆਈ. ਨੂੰ ਮਨੁੱਖਤਾ ਅਤੇ ਵਰਦੀ ਨੂੰ ਦਾਗਦਾਰ ਕਰਨ ਦਾ ਦੋਸ਼ੀ ਮੰਨਦਿਆਂ ਸਾਰੀ ਉਮਰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਣ ਦਾ ਹੁਕਮ ਦਿੱਤਾ ਹੈ।
Get all latest content delivered to your email a few times a month.