ਤਾਜਾ ਖਬਰਾਂ
Jalandhar News : ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲੀ ਇੱਕ ਦਿਲ ਕੰਬਾਊ ਘਟਨਾ ਜਲੰਧਰ ਦੇ ਪਿੰਡ ਹਜ਼ਾਰਾ ਤੋਂ ਸਾਹਮਣੇ ਆਈ ਹੈ। ਇੱਥੇ ਇੱਕ ਪਿਤਾ ਨੇ ਆਪਣੀ ਨਿੱਜੀ ਰੰਜਿਸ਼ ਕੱਢਣ ਲਈ ਆਪਣੇ ਹੀ 6 ਸਾਲਾ ਪੁੱਤਰ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ। ਮੁਲਜ਼ਮ ਪਿਤਾ ਆਪਣੇ ਇੱਕ ਦੂਰ ਦੇ ਰਿਸ਼ਤੇਦਾਰ (ਜਵਾਈ) ਨੂੰ ਚੋਰੀ ਦੇ ਕੇਸ ਵਿੱਚ ਫਸਾਉਣ ਦੀ ਸਾਜ਼ਿਸ਼ ਰਚ ਰਿਹਾ ਸੀ, ਜਿਸ ਦੀ ਕੀਮਤ ਉਸ ਦੇ ਮਾਸੂਮ ਬੱਚੇ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ।
ਸਿਵਲ ਹਸਪਤਾਲ ਤੋਂ ਅੰਮ੍ਰਿਤਸਰ ਤੱਕ ਮੌਤ ਨਾਲ ਜੰਗ
ਮ੍ਰਿਤਕ ਬੱਚੇ ਰੂਪੇਸ਼ ਦੀ ਮਾਂ ਮਮਤਾ ਨੇ ਦੱਸਿਆ ਕਿ ਘਟਨਾ ਵਾਲੀ ਸ਼ਾਮ ਜਦੋਂ ਉਹ ਰਸੋਈ ਵਿੱਚ ਸੀ, ਤਾਂ ਰੂਪੇਸ਼ ਨੇ ਦੱਸਿਆ ਕਿ ਪਾਪਾ ਨੇ ਉਸ ਨੂੰ ਕੋਈ ਦਵਾਈ ਪਿਲਾ ਦਿੱਤੀ ਹੈ। ਇਸ ਤੋਂ ਤੁਰੰਤ ਬਾਅਦ ਬੱਚੇ ਨੂੰ ਤੇਜ਼ ਉਲਟੀਆਂ ਸ਼ੁਰੂ ਹੋ ਗਈਆਂ ਅਤੇ ਉਹ ਬੇਹੋਸ਼ ਹੋ ਗਿਆ। ਪਰਿਵਾਰ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੈ ਕੇ ਭੱਜਿਆ, ਪਰ ਹਾਲਤ ਨਾਜ਼ੁਕ ਹੁੰਦੀ ਦੇਖ ਡਾਕਟਰਾਂ ਨੇ ਉਸ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕਰ ਦਿੱਤਾ। ਅੰਮ੍ਰਿਤਸਰ ਵਿਖੇ ਇਲਾਜ ਦੌਰਾਨ ਜ਼ਹਿਰ ਪੂਰੇ ਸਰੀਰ ਵਿੱਚ ਫੈਲ ਜਾਣ ਕਾਰਨ ਮਾਸੂਮ ਦੀ ਮੌਤ ਹੋ ਗਈ।
ਚੋਰੀ ਦੀ ਸ਼ਿਕਾਇਤ ਦਾ ਬਦਲਾ ਲੈਣ ਦੀ ਸੀ ਸਾਜ਼ਿਸ਼
ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮ ਗਜੇਂਦਰ ਮੁਖੀਆ (35) ਨੇ ਕਬੂਲਿਆ ਕਿ ਉਸ ਦੇ ਰਿਸ਼ਤੇਦਾਰ ਨੇ ਉਸ 'ਤੇ ਝਾਂਜਰਾਂ ਚੋਰੀ ਕਰਨ ਦਾ ਇਲਜ਼ਾਮ ਲਗਾ ਕੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ। ਇਸ ਅਪਮਾਨ ਦਾ ਬਦਲਾ ਲੈਣ ਲਈ ਉਸ ਨੇ ਸੋਚਿਆ ਕਿ ਜੇਕਰ ਬੱਚਾ ਬਿਮਾਰ ਪੈ ਜਾਵੇਗਾ ਤਾਂ ਉਹ ਇਸ ਦਾ ਦੋਸ਼ ਰਿਸ਼ਤੇਦਾਰ ਸਿਰ ਮੜ੍ਹ ਕੇ ਉਸ ਨੂੰ ਜੇਲ੍ਹ ਭੇਜਵਾ ਦੇਵੇਗਾ। ਪਰ ਕੀਟਨਾਸ਼ਕ ਦੀ ਘਾਤਕ ਮਾਤਰਾ ਨੇ ਮਾਸੂਮ ਰੂਪੇਸ਼ ਦੀ ਜਾਨ ਹੀ ਲੈ ਲਈ।
ਪੁਲਿਸ ਨੇ ਮੁਲਜ਼ਮ ਪਿਤਾ ਨੂੰ ਭੇਜਿਆ ਸਲਾਖਾਂ ਪਿੱਛੇ
ਪਤਾਰਾ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਗਜੇਂਦਰ ਵਿਰੁੱਧ ਕਤਲ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ।
Get all latest content delivered to your email a few times a month.